18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਨਵੀਨ ਅਰੋੜਾ ਕਤਲ ਮਾਮਲੇ 'ਚ ਪੁਲਿਸ ਹੱਥ ਲੱਗੇ ਅਹਿਮ ਸੁਰਾਗ-ਦੋ ਗਿ੍ਫ਼ਤਾਰ, ਮੁੱਖ ਮੁਲਜ਼ਮ ਅਤੇ ਸ਼ੂਟਰਾਂ ਦੀ ਭਾਲ ਜਾਰੀ

ਅਜੀਤ ਡੈਸਕ 20-11-2025
ਫ਼ਿਰੋਜ਼ਪੁਰ, 19 ਨਵੰਬਰ (ਗੁਰਿੰਦਰ ਸਿੰਘ)-ਲੰਘੀ 15 ਨਵੰਬਰ ਨੂੰ ਫ਼ਿਰੋਜ਼ਪੁਰ ਸ਼ਹਿਰ ਵਿਚ ਆਰ.ਐੱਸ.ਐੱਸ ਆਗੂ ਬਲਦੇਵ ਅਰੋੜਾ ਦੇ ਬੇਟੇ ਨਵੀਨ ਅਰੋੜਾ ਦੇ ਕਤਲ ਮਾਮਲੇ ਵਿਚ ਫ਼ਿਰੋਜ਼ਪੁਰ ਪੁਲਿਸ ਨੇ ਮਹੱਤਵਪੂਰਨ ਕਾਰਵਾਈ ਕਰਦੇ ਹੋਏ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਐੱਸ.ਐੱਸ.ਪੀ ਫ਼ਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਪੈੱ੍ਰਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦੇ ਦੱਸਿਆ ਕਿ ਪੁਲਿਸ ਨੇ ਇਸ ਕਤਲ ਮਾਮਲੇ ਸਬੰਧੀ ਇਕ ਅਣਪਛਾਤੇ ਸਮੇਤ 6 ਦੋਸ਼ੀਆਂ ਵਿਰੁੱਧ ਕੇਸ ਦਰਜ ਕੀਤਾ ਹੈ, ਜਿਨ੍ਹਾਂ ਵਿਚੋਂ ਹਰਸ਼ ਅਤੇ ਕੰਨਵ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਜਦਕਿ ਬਾਕੀ ਦੋਸ਼ੀਆਂ ਦੀ ਭਾਲ ਤੇਜ਼ੀ ਨਾਲ ਜਾਰੀ ਹੈ | ਐੱਸ.ਐੱਸ.ਪੀ ਨੇ ਖ਼ੁਲਾਸਾ ਕੀਤਾ ਕਿ ਕਤਲ ਦੀ ਸਾਜ਼ਿਸ਼ ਲੰਮੇ ਸਮੇਂ ਤੋਂ ਰਚੀ ਜਾ ਰਹੀ ਸੀ ਅਤੇ ਇਸ ਦੀ ਪੂਰੀ ਯੋਜਨਾ ਕੰਨਵ ਦੇ ਜਨਮ ਦਿਨ ਮੌਕੇ ਉਸ ਦੇ ਘਰ ਵਿਚ ਬਣਾਈ ਗਈ | ਇਸ ਦੌਰਾਨ ਦੋਸ਼ੀਆਂ ਕੰਨਵ, ਹਰਸ਼, ਬਾਦਲ ਅਤੇ ਸਾਥੀ ਆਪਸ ਵਿਚ ਮਿਲੇ ਅਤੇ ਨਵੀਨ ਅਰੋੜਾ ਨੂੰ ਨਿਸ਼ਾਨਾ ਬਣਾਉਣ ਲਈ ਪੂਰਾ ਪਲਾਨ ਤਿਆਰ ਕੀਤਾ | ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਿਆ ਕਿ ਜਤਿਨ ਕਾਲੀ ਵਾਸੀ ਬੱਧਨੀ ਜੈਮਲ ਸਿੰਘ ਹਾਲ ਵਾਸੀ ਬਸਤੀ ਭੱਟੀਆਂ ਵਾਲੀ ਫ਼ਿਰੋਜ਼ਪੁਰ ਸ਼ਹਿਰ ਨੇ ਇਸ ਕਤਲ ਲਈ ਪੈਸੇ ਦੇਣ ਦੇ ਨਾਲ-ਨਾਲ ਹਥਿਆਰ ਵੀ ਉਪਲਬਧ ਕਰਵਾਏ ਸਨ, ਜੋ ਉੱਤਰ ਪ੍ਰਦੇਸ਼ ਤੋਂ ਮੰਗਵਾਏ ਗਏ ਸਨ | ਪੁਲਿਸ ਮੁਤਾਬਿਕ ਵਾਰਦਾਤ ਤੋਂ ਪਹਿਲਾਂ ਨਵੀਨ ਅਰੋੜਾ ਦੀ ਸੋਚ ਸਮਝ ਕੇ ਰੇਕੀ ਕੀਤੀ ਗਈ ਸੀ ਤੇ ਵਾਰਦਾਤ ਦੇ ਦਿਨ ਕਤਲ ਨੂੰ ਅੰਜਾਮ ਦੇਣ ਤੋਂ ਬਾਅਦ ਸ਼ੂਟਰ ਮੌਕੇ 'ਤੋਂ ਫ਼ਰਾਰ ਹੋ ਗਏ | ਇਸ ਫ਼ਰਾਰੀ ਵਿਚ ਹਰਸ਼ ਅਤੇ ਕੰਨਵ ਨੇ ਹੀ ਸ਼ੂਟਰਾਂ ਦੀ ਮਦਦ ਕੀਤੀ ਸੀ | ਪੁਲਿਸ ਨੇ ਗਿ੍ਫ਼ਤਾਰ ਕੀਤੇ ਗਏ ਦੋਵੇਂ ਦੋਸ਼ੀਆਂ ਤੋਂ ਮੋਬਾਈਲ ਫ਼ੋਨ ਬਰਾਮਦ ਕੀਤੇ ਹਨ | ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਮੋਬਾਈਲ ਫੋਨਾਂ ਵਿਚੋਂ ਕਈ ਮਹੱਤਵਪੂਰਨ ਸਬੂਤ ਮਿਲਣ ਦੀ ਉਮੀਦ ਹੈ, ਜੋ ਇਸ ਕਤਲ ਮਾਮਲੇ ਨੂੰ ਹੋਰ ਮਜ਼ਬੂਤੀ ਦੇ ਨਾਲ ਸੁਲਝਾਉਣ ਵਿਚ ਸਹਾਇਕ ਹੋਣਗੇ | ਐੱਸ.ਐੱਸ.ਪੀ. ਨੇ ਕਿਹਾ ਕਿ ਪੁਲਿਸ ਦੀਆਂ ਟੀਮਾਂ ਬਾਕੀ ਦੋਸ਼ੀਆਂ ਅਤੇ ਸ਼ੂਟਰਾਂ ਦੀ ਭਾਲ ਵਿਚ ਲੱਗੀਆਂ ਹੋਈਆਂ ਹਨ ਅਤੇ ਜਲਦੀ ਹੀ ਉਨ੍ਹਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ | ਪੁਲਿਸ ਨੇ ਯਕੀਨ ਦਿਵਾਇਆ ਕਿ ਇਹ ਮਾਮਲਾ ਬਹੁਤ ਹੀ ਗੰਭੀਰਤਾ ਨਾਲ ਦੇਖਿਆ ਜਾ ਰਿਹਾ ਹੈ ਅਤੇ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ | ਪੁਲਿਸ ਇਸ ਮਾਮਲੇ ਵਿਚ ਤੇਜ਼ੀ ਨਾਲ ਕਾਰਵਾਈ ਕਰ ਰਹੀ ਹੈ | ਇਸ ਮੌਕੇ ਉਨ੍ਹਾਂ ਨਾਲ ਡੀ.ਐੱਸ.ਪੀ ਸਿਟੀ ਸੁਖਵਿੰਦਰ ਸਿੰਘ, ਡੀ.ਐੱਸ.ਪੀ.ਡੀ ਬਰਜਿੰਦਰ ਸਿੰਘ ਸਰਾਂ ਅਤੇ ਸੀ.ਆਈ.ਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਮੋਹਿਤ ਧਵਨ ਵੀ ਮੌਜੂਦ ਸਨ |
ਵਾਇਰਲ ਪੱਤਰ ਦੀ ਵੀ ਜਾਂਚ ਜਾਰੀ ਪਰ ਹੁਣ ਤੱਕ ਕੋਈ ਪੁਸ਼ਟੀ ਨਹੀਂ
-ਨਵੀਨ ਅਰੋੜਾ ਕਤਲ ਮਾਮਲੇ ਵਿਚ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਸ਼ੇਰ-ਏ-ਪੰਜਾਬ ਬਿ੍ਗੇਡ ਦੇ ਪੱਤਰ ਬਾਰੇ ਐੱਸ.ਐੱਸ.ਪੀ ਭੁਪਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਪੁਲਿਸ ਇਸ ਪਹਿਲੂ ਨੂੰ ਵੀ ਬਾਰੀਕੀ ਨਾਲ ਜਾਂਚ ਰਹੀ ਹੈ | ਉਨ੍ਹਾਂ ਦੱਸਿਆ ਕਿ ਇਹ ਪੱਤਰ ਕਤਲ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕਰਦਾ ਹੈ ਪਰ ਹਾਲ ਦੀ ਘੜੀ ਇਸ ਸੰਬੰਧੀ ਕੋਈ ਪੁਸ਼ਟੀ ਨਹੀਂ ਮਿਲੀ ਹੈ | ਐੱਸ.ਐੱਸ.ਪੀ ਨੇ ਕਿਹਾ ਕਿ ਜਾਂਚ ਟੈਕਨੀਕਲ ਅਤੇ ਸੂਤਰਾਂ ਦੇ ਆਧਾਰ 'ਤੇ ਕੀਤੀ ਜਾ ਰਹੀ ਹੈ ਅਤੇ ਸੱਚਾਈ ਜਲਦੀ ਸਾਹਮਣੇ ਆ ਜਾਵੇਗੀ |
ਪਿਛਲੀ ਖ਼ਬਰ ਡੀ. ਏ. ਵੀ. ਸਕੂਲ ਵਿਚ ਕਰਵਾਇਆ ਟੇਲੈਂਟ ਸ਼ੋਅ <br/> ਅਗਲੀ ਖ਼ਬਰ ਫ਼ਿਰੋਜ਼ਪੁਰ ਅੱਜ ਪਹੁੰਚੇਗਾ ਅਲੌਕਿਕ ਨਗਰ ਕੀਰਤਨ-ਡੀ. ਸੀ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।