ਅਬੋਹਰ, 18 ਨਵੰਬਰ (ਵਿਵੇਕ ਹੂੜੀਆ)-ਸਿਵਲ ਸਰਜਨ ਡਾ. ਰੋਹਿਤ ਗੋਇਲ ਦੇ ਨਿਰਦੇਸ਼ਾਂ ਅਤੇ ਜ਼ਿਲ੍ਹਾ ਐਪੀਡੇਮੈਲੋਜਿਸਟ ਡਾ. ਸੁਨੀਤਾ ਕੰਬੋਜ ਦੀ ਅਗਵਾਈ ਅਤੇ ਐਸ.ਐਮ.ਓ ਡਾ. ਸੁਰੇਸ਼ ਕੰਬੋਜ ਦੀ ਦੇਖ ਰੇਖ 'ਚ ਡੇਂਗੂ ਵਿਰੁੱਧ 'ਹੱਲਾ ਬੋਲ' ਅਭਿਆਨ ਤਹਿਤ ਅਬੋਹਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਖੇ ਬਰੀਡਿੰਗ ਚੈਕਿੰਗ, ਸਪਰੇਅ ਐਕਟੀਵਿਟੀਜ਼ ਅਤੇ ਜਾਗਰੂਕਤਾ ਰਾਹੀਂ ਡੇਂਗੂ ਅਤੇ ਚਿਕਨਗੁਨੀਆ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ | ਇਸ ਮੌਕੇ ਡਾ. ਸੁਰੇਸ਼ ਕੰਬੋਜ ਨੇ ਦੱਸਿਆ ਕਿ ਰਾਜੀਵ ਨਗਰ, ਉੱਤਮ ਵਿਹਾਰ ਕਾਲੋਨੀ, ਭਾਰਤ ਕਾਲੋਨੀ ਅਤੇ ਲਾਈਨਾਂ ਪਾਰ ਏਰੀਆ ਆਦਿ ਖੇਤਰਾਂ ਵਿਚ ਡੇਂਗੂ ਦੀ ਰੋਕਥਾਮ ਲਈ ਸਿਹਤ ਕਰਮੀਆਂ ਅਤੇ ਬਰੀਡਿੰਗ ਚੈੱਕਰਾਂ ਦੀਆਂ 4 ਟੀਮਾਂ ਵੱਲੋਂ ਲਗਾਤਾਰ ਸਰਵੇ ਕਰਕੇ ਲਾਰਵਾ ਚੈੱਕ ਕੀਤਾ ਜਾ ਰਿਹਾ ਹੈ ਅਤੇ ਡੇਂਗੂ ਤੋਂ ਬਚਾਅ ਲਈ ਜਾਣਕਾਰੀ ਦਿੱਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਹੁਣ ਤੱਕ 48 ਡੇਂਗੂ ਪਾਜ਼ੀਟਿਵ ਕੇਸ ਪਾਏ ਗਏ, ਜਿਨ੍ਹਾਂ ਵਿਚੋਂ 8 ਕੇਸ ਐਕਟਿਵ ਹਨ | ਇਸ ਮੌਕੇ ਡਿਪਟੀ ਮਾਸ ਮੀਡੀਆ ਅਫ਼ਸਰ ਮਨਬੀਰ ਸਿੰਘ ਅਤੇ ਐਨ.ਵੀ.ਬੀ.ਡੀ.ਸੀ.ਪੀ ਬਰਾਂਚ ਤੋਂ ਟਹਿਲ ਸਿੰਘ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਤੇਜ਼ ਬੁਖ਼ਾਰ, ਉਲਟੀਆਂ, ਅੱਖਾਂ ਵਿਚ ਦਰਦ, ਜੋੜਾਂ ਅਤੇ ਹੱਡੀਆਂ ਵਿਚ ਦਰਦ ਆਦਿ ਦੇ ਲੱਛਣ ਹੋਣ ਤਾਂ ਨੇੜੇ ਦੀ ਸਿਹਤ ਸੰਸਥਾ 'ਚ ਜਾ ਕੇ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਮੱਛਰ ਦੇ ਕੱਟਣ ਤੋਂ ਬਚਾਅ ਲਈ ਪੂਰਾ ਸਰੀਰ ਢਕਣ ਵਾਲੇ ਕੱਪੜੇ ਪਹਿਨਣੇ ਚਾਹੀਦੇ ਹਨ ਅਤੇ ਸੌਣ ਸਮੇਂ ਮੱਛਰਾਂ ਤੋਂ ਬਚਾਅ ਵਾਲੀਆਂ ਕਰੀਮਾਂ ਅਤੇ ਮੱਛਰਦਾਨੀਆਂ ਦਾ ਪ੍ਰਯੋਗ ਵੀ ਕੀਤਾ ਜਾਣਾ ਚਾਹੀਦਾ ਹੈ | ਇਸ ਮੌਕੇ ਸਿਹਤ ਕਰਮੀਂ ਪਰਮਜੀਤ ਸਿੰਘ, ਜਗਦੀਸ਼ ਕੁਮਾਰ, ਰਾਜੀਵ ਕੁਮਾਰ ਅਤੇ ਬਰੀਡਿੰਗ ਚੈੱਕਰ ਮੌਜੂਦ ਸਨ |