ਜ਼ੀਰਾ, 18 ਨਵੰਬਰ (ਹਰਜੀਤ ਸਿੰਘ ਗਿੱਲ)-ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਅੱਜ ਜ਼ੀਰਾ ਦੇ ਡੀ. ਐੱਸ.ਪੀ. ਜਸਪਾਲ ਸਿੰਘ ਢਿੱਲੋਂ ਦੇ ਦਫ਼ਤਰ ਅੱਗੇ ਰੋਸ ਧਰਨਾ ਲਾਇਆ ਗਿਆ | ਇਸ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਠੱਠਾ, ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਅਤੇ ਜੋਨ ਪ੍ਰਧਾਨ ਅਮਨਦੀਪ ਸਿੰਘ ਕੱਚਰਭੰਨ ਨੇ ਕਿਹਾ ਕਿ ਜਗਸੀਰ ਸਿੰਘ ਪੁੱਤਰ ਗੁਰਾ ਸਿੰਘ ਪਿੰਡ ਨੌਰੰਗ ਸਿੰਘ ਵਾਲਾ ਇਕਾਈ ਪ੍ਰਧਾਨ ਅਤੇ 10 ਅਕਤੂਬਰ ਨੂੰ ਕਿਸੇ ਅਣਪਛਾਤੇ ਵਿਅਕਤੀ ਵਲੋਂ ਫ਼ੋਨ ਕਰਕੇ ਜ਼ੀਰੇ ਸੱਦਿਆ ਗਿਆ ਸੀ ਅਤੇ ਜਦੋਂ ਉਹ ਜ਼ੀਰੇ ਨੂੰ ਆ ਰਿਹਾ ਸੀ ਤਾਂ ਪਿੰਡ ਬੋਤੀਆਂ ਵਾਲੇ ਤੋਂ ਪਿੱਛੇ ਲੁੱਕ ਪਲਾਂਟ ਕੋਲ ਸਵੇਰੇ 6 ਵਜੇ ਦੇ ਕਰੀਬ ਟਰੈਪ ਲਾ ਕੇ ਦਰਜਨ ਦੇ ਕਰੀਬ ਅਣਪਛਾਤੇ ਵਿਅਕਤੀਆਂ ਵਲੋਂ ਉਸ ਉੱਪਰ ਜਾਨਲੇਵਾ ਹਮਲਾ ਕਰਕੇ ਉਸ ਨੂੰ ਮਰਿਆ ਸਮਝ ਕੇ ਸੁੱਟ ਕੇ ਚਲੇ ਗਏ ਸਨ | ਇਸ ਲਈ ਇਹ ਗੰਭੀਰ ਜ਼ਖਮੀ ਵਿਅਕਤੀ ਅਜੇ ਵੀ ਲੁਧਿਆਣਾ ਦੇ ਦਇਆ ਨੰਦ ਹਸਪਤਾਲ ਵਿਖੇ ਗੰਭੀਰ ਸਥਿਤੀ ਵਿਚ ਇਲਾਜ ਅਧੀਨ ਕੌਮਾਂ ਵਿਚ ਹੈ | ਉਨ੍ਹਾਂ ਕਿਹਾ ਕਿ ਡੇਢ ਮਹੀਨੇ ਦਾ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਪੁਲਿਸ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ ਅਤੇ ਨਾ ਹੀ ਕਿਸੇ ਦੋਸ਼ੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਜਿਸ ਕਰਕੇ ਦੋਸ਼ੀ ਸ਼ਰੇਆਮ ਬਾਹਰ ਘੁੰਮ ਰਹੇ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਦੋਸ਼ੀਆਂ ਤੋਂ ਪਰਿਵਾਰ ਨੂੰ ਅਜੇ ਵੀ ਖ਼ਤਰਾ ਬਣਿਆ ਹੋਇਆ ਹੈ | ਧਰਨਾਕਾਰੀਆਂ ਨੇ ਪੁਲਿਸ ਵਲੋਂ ਦੋਸ਼ੀਆਂ ਨੂੰ ਜਲਦੀ ਗਿ੍ਫ਼ਤਾਰ ਨਾ ਕੀਤੇ ਜਾਣ 'ਤੇ ਵੱਡੇ ਸੰਘਰਸ਼ ਦੀ ਚਿਤਾਵਨੀ ਦਿੱਤੀ | ਇਸ ਦੌਰਾਨ ਡੀ.ਐੱਸ.ਪੀ ਜ਼ੀਰਾ ਨੇ ਧਰਨੇ ਵਿਚ ਪਹੰੁਚ ਕੇ ਦੋਸ਼ੀਆਂ ਨੂੰ ਜਲਦੀ ਗਿ੍ਫ਼ਤਾਰ ਕਰਨ ਦਾ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ , ਇਹ ਵਿਸ਼ਵਾਸ ਦਿਵਾਉਣ ਪਿੱਛੋਂ ਪ੍ਰਦਰਸ਼ਨਕਾਰੀਆਂ ਵਲੋਂ ਧਰਨਾ ਮੁਲਤਵੀ ਕਰ ਦਿੱਤਾ ਗਿਆ | ਇਸ ਮੌਕੇ ਨਰਿੰਦਰ ਪਾਲ ਸਿੰਘ ਜਤਾਲਾ, ਮਨਜੋਤ ਸਿੰਘ, ਅਮਰਜੀਤ ਸਿੰਘ ਸੰਤੂ ਵਾਲਾ, ਗੁਰਮੀਤ ਸਿੰਘ ਚੱਬਾ, ਬਖਸ਼ੀਸ਼ ਸਿੰਘ ਤਲਵੰਡੀ, ਹਰਦੇਵ ਸਿੰਘ ਗੋਰਾ, ਸੁਖਵਿੰਦਰ ਸਿੰਘ ਕੋਹਾਲਾ, ਮਨਪ੍ਰੀਤ ਸਿੰਘ, ਪ੍ਰਨੀਤ ਸਿੰਘ ਬੀ.ਕੇ.ਯੂ ਡਕੌਂਦਾ, ਲਖਬੀਰ ਸਿੰਘ ਭੜਾਣਾ ਅਤੇ ਗੁਰਜੀਤ ਸਿੰਘ ਆਰ ਕੇ ਜ਼ੀਰਾ ਆਦਿ ਆਗੂਆਂ ਨੇ ਧਰਨੇ ਨੂੰ ਸੰਬੋਧਨ ਕੀਤਾ |