ਗੁਰੂਹਰਸਹਾਏ, 7 ਨਵੰਬਰ (ਹਰਚਰਨ ਸਿੰਘ ਸੰਧੂ)-ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਡਾ. ਬਲਵਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਫਿਰੋਜ਼ਪੁਰ ਦੀ ਅਗਵਾਈ ਅਧੀਨ ਖੇਤੀਬਾੜੀ ਬਲਾਕ ਗੁਰੂਹਰਸਹਾਏ ਦੇ ਬਲਾਕ ਵਿਕਾਸ ਅਫਸਰ ਅਮਨਦੀਪ ਸਿੰਘ ਸੰਧੂ, ਬਲਾਕ ਵਿਕਾਸ ਅਫਸਰ ਅਮਨ ਕੰਬੋਜ ਅਤੇ ਉਹਨਾਂ ਨਾਲ ਮਨਜੀਤ ਸਿੰਘ, ਜਰਮਨਜੀਤ ਸਿੰਘ ਸਮੇਤ ਬਾਕੀ ਅਧਿਕਾਰੀ ਵੀ ਵੱਖ-ਵੱਖ ਪਿੰਡਾਂ ਵਿਚ ਜਾ ਕੇ ਕਿਸਾਨਾਂ ਨਾਲ ਤਾਲਮੇਲ ਕਰ ਰਹੇ ਹਨ ਤਾਂ ਜੋ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਾਏ ਬਿਨਾਂ ਕਣਕ ਦੀ ਬਿਜਾਈ ਕਰਵਾਈ ਜਾ ਸਕੇ | ਇਸ ਦੌਰਾਨ ਖੇਤੀਬਾੜੀ ਵਿਕਾਸ ਅਫਸਰ ਅਮਨਦੀਪ ਸਿੰਘ, ਜਰਮਨਜੀਤ ਸਿੰਘ ਨੇ ਦੱਸਿਆ ਕਿ ਬਹੁਤੇ ਕਿਸਾਨਾਂ ਵਲੋਂ ਖੇਤ ਵਿਚ ਚੋਪਰ ਦੀ ਮਦਦ ਦੇ ਨਾਲ ਝੋਨੇ ਦੀ ਪਰਾਲੀ ਦਾ ਕੁਤਰਾ ਕਰਕੇ ਖੇਤ ਵਿਚ ਖਿਲਾਰਨ ਉਪਰੰਤ ਉਲਟਾਵੇ ਹੱਲਾਂ ਦੀ ਮਦਦ ਨਾਲ ਖੇਤ ਨੂੰ ਕਣਕ ਦੀ ਬਿਜਾਈ ਕਰਨ ਲਈ ਤਿਆਰ ਕੀਤਾ ਗਿਆ | ਜੋ ਲਾਹੇਵੰਦ ਤਰੀਕਾ ਹੈ | ਬਲਾਕ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਵਿਧੀ ਨਾਲ ਕਿਸਾਨ ਵੀਰਾਂ ਦੀ ਘੱਟ ਖ਼ਰਚੇ ਨਾਲ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ | ਖੇਤੀਬਾੜੀ ਅਧਿਕਾਰੀਆਂ ਨੇ ਕਿਸਾਨ ਗੁਰਵਿੰਦਰ ਸਿੰਘ ਪਿੰਡ ਮੋਠਾਂਵਾਲਾ ਦੇ ਖੇਤ ਦਾ ਵੀ ਦੌਰਾ ਕੀਤਾ ਗਿਆ | ਕਿਸਾਨ ਆਪਣੇ 25 ਏਕੜ ਦੇ ਖੇਤ ਵਿਚੋਂ ਝੋਨੇ ਦੀ ਪਰਾਲੀ ਦੀਆਂ ਬੇਲਰ ਦੀ ਮਦਦ ਨਾਲ ਗੱਠਾ ਬਣਾ ਕੇ ਖੇਤ ਨੂੰ ਤਿਆਰ ਕਰ ਰਹੇ ਹਨ | ਕਿਸਾਨ ਨੇ ਕਿਹਾ ਕਿ ਖੇਤੀਬਾੜੀ ਵਿਕਾਸ ਅਫਸਰ ਅਮਨਦੀਪ ਸਿੰਘ ਸੰਧੂ ,ਮਨਜੀਤ ਸਿੰਘ ਦੇ ਸਹਿਯੋਗ ਬਦੌਲਤ ਹੀ ਕਿਸਾਨਾਂ ਨੇ ਵੱਖ-ਵੱਖ ਇਨ-ਸੀਟੂ ਮੈਨੇਜਮੈਂਟ ਵਿਧੀ ਰਾਹੀਂ ਤਕਨੀਕਾਂ ਨੂੰ ਅਪਣਾਉਣ ਵਿਚ ਅੱਗੇ ਆ ਰਹੇ ਹਨ |