ਫ਼ਿਰੋਜ਼ਪੁਰ, 5 ਨਵੰਬਰ (ਗੁਰਿੰਦਰ ਸਿੰਘ)-ਫਿਰੋਜ਼ਪੁਰ ਪੁਲਿਸ ਨੇ ਬੀਤੇ ਮੰਗਲਵਾਰ ਸ਼ਾਮ ਨੂੰ ਥਾਣਾ ਸਦਰ ਫਿਰੋਜ਼ਪੁਰ ਅਧੀਨ ਪੈਂਦੇ ਪਿੰਡ ਸ਼ਾਹਦੀਨ ਵਾਲਾ ਵਿਖੇ ਹੋਏ ਗੋਲੀ ਕਾਂਡ ਨੂੰ ਸੁਲਝਾਉਂਦਿਆਂ ਝੂਠੀ ਕਹਾਣੀ ਬਣਾ ਕੇ ਪੁਲਿਸ ਨੂੰ ਗ਼ਲਤ ਬਿਆਨਬਾਜ਼ੀ ਕਰਨ ਦੇ ਦੋਸ਼ਾਂ ਤਹਿਤ ਮੁਕੱਦਮੇ ਦੇ ਮੁੱਦਈ ਸਮੇਤ ਉਸ ਦੇ ਚਾਰ ਸਾਥੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਉਕਤ ਪੰਜਾਂ ਦੋਸ਼ੀਆਂ ਨੂੰ ਗਿ੍ਫਤਾਰ ਕਰਕੇ ਉਨ੍ਹਾਂ ਕੋਲੋਂ ਵਾਰਦਾਤ ਸਮੇਂ ਵਰਤਿਆ ਗਿਲੋਕ ਪਿਸਤੌਲ ਸਮੇਤ 5 ਜਿੰਦਾ ਰੌਂਦ ਬਰਾਮਦ ਕੀਤੇ ਹਨ | ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਥਾਣਾ ਸਦਰ ਫਿਰੋਜ਼ਪੁਰ ਵਿਖੇ ਦਰਜ ਮੁਕੱਦਮੇ ਵਿਚ ਕੁਲਬੀਰ ਸਿੰਘ ਪੁੱਤਰ ਯੁਵਰਾਜ ਸਿੰਘ ਵਾਸੀ ਤਲਵੰਡੀ ਭਾਈ ਥਾਣਾ ਤਲਵੰਡੀ ਭਾਈ ਜ਼ਿਲ੍ਹਾ ਫਿਰੋਜ਼ਪੁਰ ਨੇ ਦਰਜ ਕਰਾਏ ਬਿਆਨ ਵਿਚ ਦੱਸਿਆ ਕਿ ਉਹ 4-11-2025 ਨੂੰ ਆਪਣੇ ਸਮੇਤ ਆਪਣੇ ਦੋਸਤਾਂ ਕੁਲਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਰਟੋਲ ਰੋਹੀ, ਮਨਪ੍ਰੀਤ ਸਿੰਘ ਪੁੱਤਰ ਗੁਰਮੇਲ ਸਿੰਘ, ਸੁਖਬੀਰ ਸਿੰਘ ਉਰਫ਼ ਮੰਨਾ ਪੁੱਤਰ ਬਖਸ਼ੀਸ਼ ਸਿੰਘ ਵਾਸੀਆਨ ਪਿੰਡ ਕਰਮਿੱਤੀ ਥਾਣਾ ਤਲਵੰਡੀ ਭਾਈ ਦੇ ਨਾਲ ਕਾਰ ਆਲਟੋ ਰੰਗ ਚਿੱਟਾ ਪਰ ਸਵਾਰ ਹੋ ਕੇ ਫਿਰੋਜ਼ਪੁਰ ਤੋਂ ਵਾਪਸ ਜਾ ਰਹੇ ਸੀ | ਜਦ ਉਹ ਬਾ-ਹੱਦ ਰਕਬਾ ਪਿੰਡ ਸ਼ਾਹਦੀਨ ਵਾਲਾ ਪੁੱਜੇ ਤਾਂ ਉਹ ਗੱਡੀ ਰੁਕਵਾ ਕੇ ਪੇਸ਼ਾਬ ਕਰਨ ਲਈ ਥੱਲੇ ਉੱਤਰਿਆ ਤਾਂ ਫਿਰੋਜ਼ਪੁਰ ਸਾਈਡ ਤੋਂ ਇਕ ਮੋਟਰਸਾਈਕਲ ਜਿਸ ਪਰ ਦੋ ਮੋਨੇ ਨੌਜਵਾਨ ਵਿਅਕਤੀ ਆਏ ਤਾਂ ਪਿੱਛੇ ਬੈਠੇ ਵਿਅਕਤੀ ਨੇ ਮੋਟਰਸਾਈਕਲ ਤੋਂ ਉਤਰ ਕੇ ਪਿਸਟਲ ਦਾ ਫਾਇਰ ਉਸ ਦੇ ਖੱਬੇ ਪੈਰ 'ਤੇ ਮਾਰਿਆ ਅਤੇ ਮੌਕੇ ਤੋਂ ਮੋਟਰਸਾਈਕਲ ਭਜਾ ਕੇ ਲੈ ਗਏ | ਐੱਸ.ਐੱਸ.ਪੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਉਕਤ ਮੁਕੱਦਮੇ ਦੀ ਤਫ਼ਤੀਸ਼ ਵਿਚ ਪਾਇਆ ਗਿਆ ਕਿ ਮੁੱਦਈ ਕੁਲਬੀਰ ਸਿੰਘ ਉਕਤ ਸਮੇਤ ਆਪਣੇ ਸਾਥੀਆਂ ਕੁਲਵਿੰਦਰ ਸਿੰਘ ਉਰਫ਼ ਕਿੰਦਰ, ਮਨਪ੍ਰੀਤ ਸਿੰਘ ਉਰਫ਼ ਮਨੀ, ਸੁਖਬੀਰ ਸਿੰਘ ਉਰਫ਼ ਮੰਨਾ ਫਿਰੋਜ਼ਪੁਰ ਸ਼ਹਿਰ ਆਏ ਸੀ | ਇਨ੍ਹਾਂ ਵਲੋਂ ਸ਼ਹਿਰ ਤੋਂ ਬਾਹਰ ਕੱਚਾ ਜ਼ੀਰਾ ਰੋਡ ਪਰ ਇਕ ਗਲੋਕ ਪਿਸਟਲ ਸਮੇਤ ਮੈਗਜ਼ੀਨ ਅਤੇ 6 ਜਿੰਦਾ ਰੌਂਦ ਦੀ ਡਿਲਿਵਰੀ ਲਈ ਗਈ ਸੀ | ਜੋ ਕੁਲਬੀਰ ਸਿੰਘ ਉਕਤ ਕਾਰ ਦੀ ਫ਼ਰੰਟ ਕੰਡਕਟਰ ਸਾਈਡ ਸੀਟ ਪਰ ਬੈਠਾ ਸੀ | ਜਿਸ ਵਲੋਂ ਪਿਸਤੌਲ ਨੂੰ ਚੈੱਕ ਕਰਦੇ ਸਮੇਂ ਉਸ ਪਾਸੋਂ ਗੋਲੀ ਚੱਲ ਗਈ ਜੋ ਉਸ ਦੇ ਪੈਰ 'ਤੇ ਲੱਗੀ ਤਾਂ ਇਹਨਾਂ ਚਾਰਾ ਨੇ ਆਪਸ ਵਿਚ ਝੂਠੀ ਕਹਾਣੀ ਬਣਾ ਕੇ ਪਿੰਡ ਸ਼ੇਰ ਖਾ ਚਲੇ ਗਏ | ਜਿੱਥੇ ਇਹਨਾਂ ਨੇ ਪਿਸਟਲ ਅਰਸ਼ਦੀਪ ਸਿੰਘ ਉਰਫ਼ ਅਰਸ਼ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਕਰਮਿੱਤੀ ਨੂੰ ਦੇ ਦਿੱਤਾ | ਜਿਸ ਨੇ ਪਿਸਟਲ ਆਪਣੇ ਘਰ ਵਿਚ ਰੱਖ ਲਿਆ ਅਤੇ ਇਨ੍ਹਾਂ ਤਿੰਨਾਂ ਵਿਅਕਤੀਆਂ ਵਲੋਂ ਕੁਲਬੀਰ ਸਿੰਘ ਨੂੰ ਅਨਿਲ ਬਾਗ਼ੀ ਹਸਪਤਾਲ ਦਾਖਲ ਕਰਵਾ ਦਿੱਤਾ | ਜਿੱਥੇ ਇਹਨਾਂ ਚਾਰਾਂ ਨੇ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕੁਲਬੀਰ ਸਿੰਘ ਉਕਤ ਦਾ ਝੂਠਾ ਬਿਆਨ ਦਰਜ ਕਰਵਾ ਕੇ ਥਾਣਾ ਸਦਰ ਫਿਰੋਜ਼ਪੁਰ ਵਿਖੇ ਮੁਕੱਦਮਾ ਦਰਜ ਕਰਵਾ ਦਿੱਤਾ | ਉਨ੍ਹਾਂ ਦੱਸਿਆ ਕਿ ਦੌਰਾਨੇ ਤਫ਼ਤੀਸ਼ ਮੁਕੱਦਮਾ ਵਿਚ ਕੁਲਬੀਰ ਸਿੰਘ, ਕੁਲਵਿੰਦਰ ਸਿੰਘ ਉਰਫ਼ ਕਿੰਦਰ, ਮਨਪ੍ਰੀਤ ਸਿੰਘ ਉਰਫ਼ ਮਨੀ, ਸੁਖਬੀਰ ਸਿੰਘ ਉਰਫ਼ ਮੰਨਾ ਅਤੇ ਅਰਸ਼ਦੀਪ ਸਿੰਘ ਉਰਫ਼ ਅਰਸ਼ ਪਾਸੋਂ ਪੁੱਛਗਿੱਛ ਦੌਰਾਨ ਪਾਇਆ ਗਿਆ ਕਿ ਇਹਨਾਂ ਵਲੋਂ ਝੂਠੀ ਕਹਾਣੀ ਬਣਾ ਕੇ ਮੁਕੱਦਮਾ ਦਰਜ ਕਰਕੇ ਅਰਸ਼ਦੀਪ ਸਿੰਘ ਉਰਫ਼ ਅਰਸ਼ ਪਾਸੋਂ ਇਕ ਪਿਸਟਲ ਗਲੋਕ 9 ਐੱਮ.ਐੱਮ ਸਮੇਤ ਮੈਗਜ਼ੀਨ ਅਤੇ 5 ਜਿੰਦਾ ਰੌਂਦ ਉਸ ਦੇ ਘਰ ਤੋਂ ਬਰਾਮਦ ਕੀਤੇ ਗਏ ਅਤੇ ਦੋਸ਼ੀਆਨ ਖ਼ਿਲਾਫ਼ ਜੁਰਮ ਅ/ਧ 109/231, 61 (2) ਬੀ.ਐੱਨ.ਐੱਸ,25/54/59 ਅਸਲਾ ਐਕਟ ਦਾ ਵਾਧਾ ਕੀਤਾ ਗਿਆ ਅਤੇ ਦੋਸ਼ੀਆਂ ਕੁਲਵਿੰਦਰ ਸਿੰਘ ਉਰਫ਼, ਮਨਪ੍ਰੀਤ ਸਿੰਘ ਉਰਫ਼ ਮਨੀ, ਸੁਖਬੀਰ ਸਿੰਘ ਉਰਫ਼ ਮੰਨਾ ਤੇ ਅਰਸ਼ਦੀਪ ਸਿੰਘ ਉਰਫ਼ ਅਰਸ਼ ਉਕਤਾਨ ਨੂੰ ਮੁਕੱਦਮਾ ਵਿਚ ਗਿ੍ਫਤਾਰ ਕੀਤਾ ਗਿਆ ਹੈ ਅਤੇ ਦੋਸ਼ੀ ਕੁਲਬੀਰ ਸਿੰਘ ਜੋ ਕਿ ਜ਼ੇਰੇ ਇਲਾਜ ਹੈ ਨੂੰ ਹਸਪਤਾਲ ਵਿਚ ਹਿਰਾਸਤ ਵਿਚ ਲਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਕੁਲਬੀਰ ਸਿੰਘ ਪੁੱਤਰ ਯੁਵਰਾਜ ਸਿੰਘ ਵਾਸੀ ਤਲਵੰਡੀ ਭਾਈ ਥਾਣਾ ਤਲਵੰਡੀ ਭਾਈ ਕੇ ਜ਼ਿਲ੍ਹਾ ਫਿਰੋਜ਼ਪੁਰ ਖ਼ਿਲਾਫ਼ ਇਸ ਤੋਂ ਪਹਿਲਾਂ ਵੀ ਥਾਣਾ ਐੱਸ.ਐੱਸ.ਓ.ਸੀ ਫ਼ਾਜ਼ਿਲਕਾ ਵਿਖੇ ਮੁਕੱਦਮਾ ਦਰਜ ਹੈ | ਇਸ ਮੌਕੇ ਉਨ੍ਹਾਂ ਨਾਲ ਡੀ.ਐੱਸ.ਪੀ ਸਿਟੀ ਸੁਖਵਿੰਦਰ ਸਿੰਘ, ਥਾਣਾ ਸਦਰ ਫਿਰੋਜ਼ਪੁਰ ਮੁਖੀ ਇੰਸਪੈਕਟਰ ਗੁਰਵਿੰਦਰ ਕੁਮਾਰ, ਸੀ.ਆਈ.ਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਮੋਹਿਤ ਧਵਨ ਵੀ ਮੌਜੂਦ ਸਨ |