ਜ਼ਿਲ੍ਹੇ ਭਰ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ
ਅਜੀਤ ਡੈਸਕ
06-11-2025
ਗੁਰੂਹਰਸਹਾਏ, (ਕਪਿਲ ਕੰਧਾਰੀ)-ਪਹਿਲੀ ਪਾਤਿਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਹਿਰ ਦੇ ਗੁਰਦੁਆਰਾ ਸਿੱਖ ਸਨਾਤਨ ਧਰਮਸ਼ਾਲਾ ਵੱਡਾ ਗੁਰਦੁਆਰਾ ਸਾਹਿਬ ਵਿਖੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਵਲੋਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਜਾਣਕਾਰੀ ਦਿੰਦੇ ਗੁਰਦੁਆਰਾ ਸਾਹਿਬ ਦੇ ਭਾਈ ਦਲਜੀਤ ਸਿੰਘ ਗੱਬਰ ਨੇ ਦੱਸਿਆ ਕਿ ਹਰ ਵਾਰ ਦੀ ਤਰਾਂ ਇਸ ਵਾਰ ਵੀ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 556 ਵਾਂ ਪ੍ਰਕਾਸ਼ ਪੂਰਬ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ | ਉਨ੍ਹਾਂ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ 48 ਪ੍ਰਭਾਤ ਫੇਰੀਆਂ ਕੱਢੀਆਂ ਗਈਆਂ ਅਤੇ 15 ਸ਼੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ | ਉਨ੍ਹਾਂ ਨੇ ਦੱਸਿਆ ਕਿ ਇਸ ਮੌਕੇ ਜਲਾਲਾਬਾਦ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਂਵਲਾ ਅਤੇ ਉਨ੍ਹਾਂ ਦੇ ਪਰਿਵਾਰ ਨੇ ਮੱਥਾ ਟੇਕਿਆ | ਸਮਾਗਮ ਦੌਰਾਨ ਭਾਈ ਦਲਜੀਤ ਸਿੰਘ ਗੱਬਰ, ਭਾਈ ਧਿਆਨ ਸਿੰਘ, ਭਾਈ ਕੁਲਵੰਤ ਸਿੰਘ ਰਾਗੀ ਜਥੇ ਵਲੋਂ ਇਲਾਹੀ ਗੁਰਬਾਣੀ ਦਾ ਕੀਰਤਨ ਕੀਤਾ ਅਤੇ ਗੁਰੂ ਜੀ ਦੁਆਰਾ ਦਰਸਾਏ ਗਏ ਮਾਰਗ 'ਤੇ ਚੱਲਣ ਲਈ ਪੇ੍ਰਰਿਤ ਕੀਤਾ | ਇਸ ਮੌਕੇ ਰਮਿੰਦਰ ਸਿੰਘ ਆਂਵਲਾ ਨੇ ਜਿੱਥੇ ਆਈ ਹੋਈ ਸਮੂਹ ਸੰਗਤ ਨੂੰ ਗੁਰਪੁਰਬ ਦਾ ਮਕਸਦ ਸਿਰਫ਼ ਮਨਾਉਣਾ ਹੀ ਨਹੀਂ ਸਗੋਂ ਉਨ੍ਹਾਂ ਦੀ ਸਿੱਖਿਆ ਨੂੰ ਆਪਣੇ ਜੀਵਨ 'ਚ ਅਪਣਾਉਣਾ ਹੈ | ਗੁਰੂ ਨਾਨਕ ਦੇਵ ਜੀ ਦਾ ਗੁਰ ਪੂਰਬ ਸਿਰਫ਼ ਸਿੱਖ ਧਰਮ ਵਾਲੇ ਹੀ ਨਹੀਂ ਸਗੋਂ ਸਾਰੇ ਲੋਕਾਂ ਲਈ ਇਕ ਅਮਨ ਅਤੇ ਪਿਆਰ ਦਾ ਪਵਿੱਤਰ ਦਿਹਾੜਾ ਹੈ ਇਸ ਮੌਕੇ ਪ੍ਰਬੰਧਕ ਕਮੇਟੀ ਵਲੋਂ ਰਮਿੰਦਰ ਸਿੰਘ ਆਂਵਲਾ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਦੀਪਕ ਆਂਵਲਾ, ਸਤਪਾਲ ਬਾਵਾ, ਵਿਕੀ ਸੇਠੀ, ਅਸ਼ਵਨੀ ਨਰੂਲਾ, ਅਮਨ ਦੁੱਗਲ, ਹਰਪ੍ਰੀਤ ਸਿੰਘ ਸੋਢੀ, ਵਿਕੀ ਮਾਣਕ ਵਾਲਾ, ਸਾਹਿਲ ਆਂਵਲਾ, ਰਜਿੰਦਰ ਆਂਵਲਾ, ਰੋਮਾ ਆਂਵਲਾ, ਜੋਨੀ ਆਂਵਲਾ, ਛਿੰਦਰਪਾਲ ਸਿੰਘ ਭੋਲਾ, ਹੈਪੀ ਦੁੱਗਲ, ਵਿਕਰਮ ਵੋਹਰਾ ਨੇ ਵੀ ਹਾਜ਼ਰੀ ਲਗਵਾਈ ਇਸ ਮੌਕੇ ਭੋਗ ਉਪਰੰਤ ਆਈ ਹੋਈ ਸੰਗਤ ਨੂੰ ਗੁਰੂ ਕਾ ਅਟੁੱਟ ਲੰਗਰ ਵੀ ਛਕਾਇਆ ਗਿਆ |
ਮੱਖੂ, (ਕੁਲਵਿੰਦਰ ਸਿੰਘ ਸੰਧੂ)-ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਲਾਕ ਮੱਖੂ ਦੇ ਪਿੰਡ ਨਿਜ਼ਾਮਦੀਨ ਵਾਲਾ ਦੀਆਂ ਸੰਗਤਾਂ ਵਲੋਂ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ਤੋਂ ਉਪਰੰਤ ਧਾਰਮਿਕ ਸਮਾਗਮ ਦੌਰਾਨ ਭਾਈ ਜਰਨੈਲ ਸਿੰਘ ਬੂਹ ਦੇ ਕਵੀਸ਼ਰੀ ਜਥੇ ਵਲੋਂ ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਸੰਗਤਾਂ ਨੂੰ ਸਰਵਣ ਕਰਾ ਕੇ ਨਿਹਾਲ ਕੀਤਾ ਅਤੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਧਾਰਮਿਕ ਕਵਿਤਾਵਾਂ ਰਾਹੀਂ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਨ ਦਾ ਨਿਮਾਣਾ ਜਿਹਾ ਯਤਨ ਪ੍ਰਭਾਵਸ਼ਾਲੀ ਰਿਹਾ | ਪ੍ਰਬੰਧਕਾਂ ਵਲੋਂ ਸੰਗਤਾਂ ਲਈ ਗੁਰੂ ਦੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ |
ਮੱਲਾਂਵਾਲਾ ਖ਼ਾਸ, (ਸੁਰਜਨ ਸਿੰਘ ਸੰਧੂ, ਗੁਰਦੇਵ ਸਿੰਘ)-ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਤਪ ਅਸਥਾਨ ਬਾਬਾ ਹਜ਼ਾਰਾ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵਿਚ ਮਨਾਇਆ | ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਪਹਿਲਾਂ 18 ਤਰੀਕ ਤੋਂ ਲਗਾਤਾਰ ਪ੍ਰਭਾਤ ਫੇਰੀਆਂ ਨਗਰ ਵਿਚ ਕੱਢੀਆਂ ਗਈਆਂ | ਪ੍ਰਕਾਸ਼ ਪੁਰਬ ਮਨਾਉਂਦੇ ਹੋਏ ਇਲਾਕੇ ਦੀਆਂ ਸੰਗਤਾਂ ਵਲੋਂ ਸ਼੍ਰੀ ਅਖੰਡ ਪਾਠ ਤੇ 3 ਸਹਿਜ ਪਾਠਾਂ ਦੇ ਭੋਗ ਪਾਏ ਗਏ | ਭੋਗ ਉਪਰੰਤ ਰਾਗੀ ਜਥਾ ਭਾਈ ਗੁਰਮੀਤ ਸਿੰਘ ਅਲੀਪੁਰ ਵਾਲਿਆਂ ਨੇ ਸ਼ਬਦ ਕੀਰਤਨ ਕਰਕੇ ਅਤੇ ਕਥਾ ਵਿਚਾਰਾਂ ਕਰਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦੱਸੇ ਉਪਦੇਸ਼ ਕਿਰਤ ਕਰੋ, ਨਾਮ ਜਪੋ, ਅਤੇ ਵੰਡ ਛਕੋ ਦੇ ਫ਼ਲਸਫ਼ੇ 'ਤੇ ਚੱਲਣ ਦੀ ਪ੍ਰੇਰਨਾ ਦਿੱਤੀ | ਸਮਾਗਮ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਅਤੇ ਅਖੀਰ ਵਿਚ ਤਪ ਅਸਥਾਨ ਸੰਤ ਬਾਬਾ ਹਜ਼ਾਰਾ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਜਸਵੰਤ ਸਿੰਘ ਨੇ ਸੰਗਤਾਂ ਨੂੰ ਜੀ ਆਇਆਂ ਕਿਹਾ |
ਮਮਦੋਟ, (ਸੁਖਦੇਵ ਸਿੰਘ ਸੰਗਮ)-ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ 556ਵਾਂ ਅਵਤਾਰ ਪੁਰਬ ਕਸਬਾ ਮਮਦੋਟ ਸਮੇਤ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਗੁਰਦੁਆਰਾ ਸਾਹਿਬਾਨ ਵਿਚ ਧਾਰਮਿਕ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਕਸਬੇ ਦੇ ਗੁਰਦੁਆਰਾ ਸਿੰਘ ਸਭਾ, ਗੁਰਦੁਆਰਾ ਨਾਨਕ ਨਿਵਾਸ, ਗੁਰਦੁਆਰਾ ਸਾਹਿਬ ਬਸਤੀ ਬੈਲਰ, ਪਿੰਡ ਸਾਹਨ ਕੇ,ਪਿੰਡ ਲੱਖੋ ਕਿ ਬਹਿਰਾਮ, ਪਿੰਡ ਜੋਧਪੁਰ ਆਦਿ ਵਿਖੇ ਸਵੇਰੇ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ ਅਤੇ ਉਪਰੰਤ ਕੀਰਤਨੀ ਜਥੇ, ਰਾਗੀ ਢਾਡੀ ਜਥਿਆਂ ਵਲੋਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਉਨ੍ਹਾਂ ਵਲੋਂ ਸਮੁੱਚੀ ਮਾਨਵਤਾ ਦੀ ਭਲਾਈ ਲਈ ਕੀਤੇ ਗਏ ਕਾਰਜ ਸੰਗਤਾਂ ਨਾਲ ਸਾਂਝੇ ਕੀਤੇ ਗਏ | ਇਸ ਮੌਕੇ ਪੰਥਕ ਆਗੂਆਂ ਵਲੋਂ ਮਾਪਿਆਂ ਨੂੰ ਵਿਸ਼ੇਸ਼ ਅਪੀਲ ਕੀਤੀ ਗਈ ਹੈ ਅਜੋਕੇ ਸਮੇਂ ਆਪਣੇ ਬੱਚਿਆਂ ਨੂੰ ਨਸ਼ਿਆਂ ਵਿਚ ਗ਼ਲਤਾਨ ਹੋਣ ਤੋਂ ਬਚਾਉਣ ਲਈ ਗੁਰੂ ਉਪਦੇਸ਼ ਸੁਣਾ ਕੇ ਉਨ੍ਹਾਂ ਨੂੰ ਗੁਰਬਾਣੀ ਦੇ ਸਿਧਾਂਤ ਨਾਲ ਜੋੜਨ ਲਈ ਉਪਰਾਲੇ ਕੀਤੇ ਜਾਣ | ਇਸ ਮੌਕੇ ਗੁਰਦੁਆਰਾ ਸਿੰਘ ਸਭਾ ਮਮਦੋਟ ਵਿਖੇ ਛੋਟੇ ਬੱਚਿਆਂ ਵਲੋਂ ਵਿਸ਼ੇਸ਼ ਤੌਰ 'ਤੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਗਿਆ |
ਫ਼ਿਰੋਜਪੁਰ, (ਗੁਰਿੰਦਰ ਸਿੰਘ)-ਪਹਿਲੀ ਪਾਤਿਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਪੁਲਿਸ ਲਾਈਨ ਫ਼ਿਰੋਜਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਸਮਾਗਮ ਦੀ ਸ਼ੁਰੂਆਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਤੇ ਕੀਰਤਨ ਨਾਲ ਹੋਈ | ਜਿਸ ਨਾਲ ਪੂਰਾ ਮਾਹੌਲ ਨਾਮ-ਬਾਣੀ ਨਾਲ ਗੂੰਜ ਉੱਠਿਆ | ਇਸ ਮੌਕੇ ਫ਼ਿਰੋਜ਼ਪੁਰ ਦੇ ਸੀਨੀਅਰ ਪੁਲਿਸ ਅਧਿਕਾਰੀ ਜਿਹਨਾਂ ਵਿਚ ਭੁਪਿੰਦਰ ਸਿੰਘ ਸਿੱਧੂ ਐੱਸ.ਐੱਸ.ਪੀ ਫ਼ਿਰੋਜ਼ਪੁਰ, ਮਨਜੀਤ ਸਿੰਘ ਐੱਸ.ਪੀ (ਡੀ), ਸੁਖਵਿੰਦਰ ਸਿੰਘ ਡੀ.ਐੱਸ.ਪੀ (ਸ਼ਹਿਰੀ), ਕਰਨ ਸ਼ਰਮਾ ਡੀ.ਐੱਸ.ਪੀ (ਦਿਹਾਤੀ), ਸਤਨਾਮ ਸਿੰਘ ਡੀ.ਐੱਸ.ਪੀ (ਐੱਨ.ਡੀ.ਪੀ.ਐੱਸ) ਅਤੇ ਤਰਨਜੀਤ ਸਿੰਘ ਡੀ.ਐੱਸ.ਪੀ (ਸਪੈਸ਼ਲ ਕ੍ਰਾਈਮ) ਵੀ ਸਮਾਗਮ ਵਿਚ ਹਾਜ਼ਰ ਰਹੇ | ਹੈੱਡ ਗ੍ਰੰਥੀ ਭਾਈ ਹਰਜਿੰਦਰ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਬਾਰੇ ਵਿਚਾਰ ਪ੍ਰਗਟ ਕੀਤੇ ਅਤੇ ਸੰਗਤ ਨੂੰ ਗੁਰੂ ਸਾਹਿਬ ਦੇ ਸਿਖਲਾਈਆਂ ਅਨੁਸਾਰ ਚੱਲਣ ਲਈ ਪ੍ਰੇਰਿਤ ਕੀਤਾ | ਸਮਾਗਮ ਦੇ ਅੰਤ 'ਤੇ ਸਮੂਹ ਹਾਜ਼ਰੀਨ ਨੇ ਅਰਦਾਸ ਕੀਤੀ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ |
ਗੋਲੂ ਕਾ ਮੋੜ, (ਸੁਰਿੰਦਰ ਸਿੰਘ ਪੁਪਨੇਜਾ)-ਪਿੰਡ ਮੋਤੀਵਾਲ ਦੀਆਂ ਸੰਗਤਾਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਸਤਿਕਾਰ ਸਹਿਤ ਧੂਮ-ਧਾਮ ਨਾਲ ਮਨਾਇਆ ਗਿਆ | ਜਿਸ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਦੇ ਸਹਿਯੋਗ ਨਾਲ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਪਿੰਡ ਦੇ ਗ੍ਰੰਥੀ ਵਲੋਂ ਸੰਗਤਾਂ ਨੂੰ ਗੁਰਬਾਣੀ ਦੇ ਰਸ ਕਿੰਨੇ ਕੀਰਤਨ ਨਾਲ ਨਿਹਾਲ ਕੀਤਾ | ਇਸ ਤੋਂ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ | ਇਸ ਮੌਕੇ ਸਮੂਹ ਪੰਚਾਇਤ ਪਿੰਡ ਦੀਆਂ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ |
ਫ਼ਿਰੋਜ਼ਪੁਰ, (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਛਾਉਣੀ ਦੇ ਖ਼ਾਲਸਾ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ | ਖ਼ਾਲਸਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਤਿੰਦਰਜੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਹਰ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਵਾਲੇ ਦਿਨ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ | ਜਿਸ ਪਿੱਛੋਂ ਸਮਾਗਮ ਦੌਰਾਨ ਕੀਰਤਨੀ ਜਥੇ ਅਤੇ ਕਥਾ ਵਾਚਕਾਂ ਵਲੋਂ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬਾਰੇ ਦੱਸਿਆ ਅਤੇ ਅਮਲ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਪ੍ਰਬੰਧਕ ਕਮੇਟੀ ਖ਼ਾਲਸਾ ਗੁਰਦੁਆਰਾ ਫ਼ਿਰੋਜ਼ਪੁਰ ਛਾਉਣੀ ਦੇ ਮੈਂਬਰਾਂ ਤੋਂ ਇਲਾਵਾ ਵੱਡੀ ਸੰਖਿਆ ਵਿਚ ਸੰਗਤਾਂ ਹਾਜ਼ਰ ਸਨ |
ਮਮਦੋਟ, (ਰਾਜਿੰਦਰ ਸਿੰਘ ਹਾਂਡਾ)-ਕਸਬਾ ਮਮਦੋਟ ਵਿਖੇ ਸਥਿਤ ਗੁਰਦੁਆਰਾ ਨਾਨਕ ਨਿਵਾਸ ਵਿਖੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਧੂਮਧਾਮ 'ਤੇ ਸ਼ਰਧਾ ਨਾਲ ਮਨਾਇਆ ਗਿਆ | ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਰਾਗੀ ਸਿੰਘਾ ਵਲੋਂ ਗੁਰਬਾਣੀ ਕੀਰਤਨ ਰਾਹੀਂ ਗੁਰੂ ਨਾਨਕ ਦੇਵ ਜੀ ਵਲੋਂ ਦਿੱਤੇ ਗਏ ਉਪਦੇਸ਼ ਸਬੰਧੀ ਚਾਨਣਾ ਪਾਉਂਦਿਆਂ ਸੰਗਤਾਂ ਨੂੰ ਨਾਮ ਸਿਮਰਨ ਨਾਲ ਜੋੜਿਆ ਗਿਆ | ਇਸ ਮੌਕੇ ਗੁਰੂ ਕਾ ਅਤੁੱਟ ਲੰਗਰ ਵੀ ਵਰਤਾਇਆ ਗਿਆ |