ਫਿਰੋਜ਼ਪੁਰ, 31 ਅਗਸਤ (ਗੁਰਿੰਦਰ ਸਿੰਘ)-ਪਹਾੜੀ ਇਲਾਕਿਆਂ 'ਚ ਹੋਈ ਭਾਰੀ ਬਰਸਾਤ ਕਾਰਨ ਰਾਜ 'ਚ 3 ਲੱਖ ਏਕੜ ਜ਼ਮੀਨ ਪ੍ਰਭਾਵਿਤ ਹੋਈ ਹੈ ਤੇ ਸਵਾ ਲੱਖ ਲੋਕ ਵੀ ਹੜ੍ਹਾਂ ਦੀ ਮਾਰ ਹੇਠਾਂ ਆਏ ਹਨ | ਵਧੀਕ ਮੁੱਖ ਸਕੱਤਰ-ਕਮ- ਵਿੱਤ ਕਮਿਸ਼ਨਰ ਮਾਲ ਅਨੁਰਾਗ ਵਰਮਾ ਨੇ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ ਦਾ ਦੌਰਾ ਕਰਨ ਉਪਰੰਤ ਇਹ ਜਾਣਕਾਰੀ ਦਿੱਤੀ | ਇਸ ਮੌਕੇ ਉਨ੍ਹਾਂ ਨਾਲ ਡਵੀਜ਼ਨਲ ਕਮਿਸ਼ਨਰ ਫਿਰੋਜ਼ਪੁਰ ਅਰੁਣ ਸੇਖੜੀ, ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਤੇ ਐੱਸ.ਐੱਸ.ਪੀ ਭੁਪਿੰਦਰ ਸਿੰਘ ਸਿੱਧੂ ਵੀ ਮੌਜੂਦ ਸਨ | ਵਿੱਤ ਕਮਿਸ਼ਨਰ ਮਾਲ ਅਨੁਰਾਗ ਵਰਮਾ ਨੇ ਜ਼ਿਲ੍ਹੇ 'ਚ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਪਿੰਡ ਵਾਸੀਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਹੋਏ ਨੁਕਸਾਨ ਸਬੰਧੀ ਵਿਸਥਾਰ ਦੇ ਨਾਲ ਚਰਚਾ ਕੀਤੀ | ਉਨ੍ਹਾਂ ਕਿਹਾ ਕਿ ਸਰਕਾਰ ਦੀ ਪਹਿਲੀ ਪ੍ਰਾਥਮਿਕਤਾ ਹੜ੍ਹ 'ਚ ਫਸੇ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨ ਤੋਂ ਇਲਾਵਾ ਰਾਹਤ ਕੇਂਦਰਾਂ 'ਚ ਸੁਰੱਖਿਅਤ ਸਥਾਨ 'ਤੇ ਰੱਖਣਾ ਤੇ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਦੇ ਲਈ ਖਾਣ ਪੀਣ ਦੀ ਵਿਵਸਥਾ ਕਰਨਾ ਹੈ | ਇਸ ਸੰਬੰਧੀ ਜ਼ਿਲ੍ਹੇ ਦੇ ਸੰਬੰਧਿਤ ਅਧਿਕਾਰੀਆਂ ਨੂੰ ਫ਼ਸਲਾਂ ਦੇ ਨੁਕਸਾਨ ਸਬੰਧੀ ਡਾਟਾ ਇਕੱਠਾ ਕਰਨ ਲਈ ਨਿਰਦੇਸ਼ ਦਿੱਤੇ ਗਏ ਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਵਿਚਾਰ ਵਟਾਂਦਰਾ ਕਰਕੇ ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਉਚਿੱਤ ਮੁਆਵਜ਼ਾ ਦਿੱਤਾ ਜਾਵੇਗਾ | ਉਹਨਾਂ ਨੇ ਕਿਹਾ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਵਿਚ 107 ਦੇ ਕਰੀਬ ਪਿੰਡ ਪ੍ਰਭਾਵਿਤ ਹੋਏ ਹਨ ਅਤੇ 45000 ਦੇ ਕਰੀਬ ਲੋਕ ਵੀ ਹੜ੍ਹਾਂ ਦੀ ਮਾਰ ਹੇਠਾਂ ਆਏ ਹਨ | ਉਨ੍ਹਾਂ ਕਿਹਾ ਕਿ ਹੁਣ ਤੱਕ 3300 ਤੋਂ ਵੱਧ ਲੋਕਾਂ ਨੂੰ ਰੈਸਕਿਊ ਕੀਤਾ ਗਿਆ ਹੈ | ਇਸ ਮੌਕੇ ਏ.ਡੀ.ਸੀ ਦਮਨਜੀਤ ਸਿੰਘ ਮਾਨ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਸਨ |