ਮੁੱਦਕੀ, 20 ਜੁਲਾਈ (ਭਾਰਤ ਭੂਸ਼ਨ ਅਗਰਵਾਲ)-ਸਥਾਨਕ ਕਸਬੇ ਅੰਦਰ ਚੌਂਕ ਨਜ਼ਦੀਕ ਇਕ ਘੋੜੇ ਦੀ ਕਰੰਟ ਲੱਗਣ ਨਾਲ ਮੌਤ ਹੋ ਜਾਣ ਦੀ ਖ਼ਬਰ ਹੈ | ਮਿਲੀ ਜਾਣਕਾਰੀ ਅਨੁਸਾਰ ਰਮਨਦੀਪ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਵਾਰਡ ਨੰਬਰ 9 ਮੁੱਦਕੀ ਜੋ ਕਿ ਇਲਾਕੇ ਦੇ ਪਿੰਡਾਂ 'ਚ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ ਤੇ ਬੀਤੇ ਦਿਨ ਉਹ ਘੋੜੇ ਰੇਹੜੇ 'ਤੇ ਪਿੰਡਾਂ 'ਚ ਸਬਜ਼ੀ ਵੇਚ ਕੇ ਸ਼ਾਮ ਸਮੇਂ ਵਾਪਸ ਆ ਰਿਹਾ ਸੀ ਤਾਂ ਪਿੱਪਲ ਵਾਲੀ ਗਲੀ ਦੇ ਚੌਂਕ 'ਚ ਪਾਣੀ ਖੜ੍ਹਾ ਹੋਣ ਕਾਰਨ ਘੋੜੇ ਨੂੰ ਅਚਾਨਕ ਕਰੰਟ ਲੱਗ ਗਿਆ | ਜਿਸ ਦੌਰਾਨ ਘੋੜੇ ਦੀ ਮੌਕੇ 'ਤੇ ਹੀ ਮੌਤ ਹੋ ਗਈ | ਜਦਕਿ ਰੇਹੜਾ ਚਾਲਕ ਰਮਨਦੀਪ ਸਿੰਘ ਨੇ ਮਸਾਂ ਆਪਣੀ ਜਾਨ ਬਚਾਈ | ਇਸ ਘਟਨਾ 'ਤੇ ਦੁੱਖ ਜ਼ਾਹਿਰ ਕਰਦਿਆਂ ਨਗਰ ਪੰਚਾਇਤ ਮੁੱਦਕੀ ਦੇ ਪ੍ਰਧਾਨ ਦੇ ਪਤੀ ਸੁਖਵਿੰਦਰ ਸਿੰਘ ਕਾਕਾ ਬਰਾੜ ਸਾਬਕਾ ਚੇਅਰਮੈਨ ਨੇ ਕਿਹਾ ਕਿ ਇਸ ਗ਼ਰੀਬ ਵਿਅਕਤੀ ਦੀ ਰੋਜ਼ੀ ਰੋਟੀ ਇਕੋ ਇਕ ਸਹਾਰਾ ਘੋੜਾ ਹੀ ਸੀ | ਉਨ੍ਹਾਂ ਪੀੜਤ ਰਮਨਦੀਪ ਸਿੰਘ ਨਾਲ ਹਮਦਰਦੀ ਪ੍ਰਗਟਾਉਂਦਿਆਂ ਵਿਸ਼ਵਾਸ ਦਿਵਾਇਆ ਕਿ ਉਸ ਦੀ ਹਰ ਤਰ੍ਹਾਂ ਦੀ ਮਾਲੀ ਮਦਦ ਕੀਤੀ ਜਾਵੇਗੀ |