ਮੱਖੂ, 19 ਜੁਲਾਈ (ਕੁਲਵਿੰਦਰ ਸਿੰਘ ਸੰਧੂ)-ਬਠਿੰਡਾ-ਅੰਮਿ੍ਤਸਰ ਨੈਸ਼ਨਲ ਹਾਈਵੇ 54 'ਤੇ ਸਥਿਤ ਮੱਖੂ ਰੇਲਵੇ ਫਾਟਕ ਦੇ ਦੋਨੋਂ ਤਰਫ਼ ਸੜਕ ਦਾ ਬਹੁਤ ਬੁਰਾ ਹਾਲ ਹੋ ਗਿਆ | ਗੁਰੂ ਕੀ ਨਗਰੀ ਅੰਮਿ੍ਤਸਰ ਜਾਣ ਵਾਲੇ ਲੋਕ ਹਰ ਰੋਜ਼ ਪਰੇਸ਼ਾਨ ਹੁੰਦੇ ਹਨ | ਇਲਾਕਾ ਨਿਵਾਸੀਆਂ ਅਤੇ ਆਸ ਪਾਸ ਦੇ ਪਿੰਡਾਂ ਅਤੇ ਮੱਖੂ ਸ਼ਹਿਰ ਦੇ ਲੋਕਾਂ ਦੀ ਪੁਰਜ਼ੋਰ ਮੰਗ ਹੈ ਕਿ ਜਲਦੀ ਤੋਂ ਜਲਦੀ ਇਹ ਸੜਕ ਨੂੰ ਚੌੜਾ ਕੀਤਾ ਜਾਵੇ ਅਤੇ ਦੁਕਾਨਦਾਰਾਂ ਨੂੰ ਬਣਦੀ ਰਕਮ ਦੀ ਅਦਾਇਗੀ ਕੀਤੀ ਜਾਵੇ | ਇੱਥੋਂ ਲੰਘਣ ਵਾਲੇ ਸ੍ਰੀ ਅੰਮਿ੍ਤਸਰ, ਸ੍ਰੀ ਗੋਇੰਦਵਾਲ ਸਾਹਿਬ, ਸ੍ਰੀ ਤਰਨਤਾਰਨ ਸਾਹਿਬ, ਬੀੜ੍ਹ ਬਾਬਾ ਬੁੱਢਾ ਸਾਹਿਬ ਅਤੇ ਡੇਰਾ ਬਿਆਸ ਜਾਣ ਵਾਲੇ ਯਾਤਰੀਆਂ ਦੀ ਖੱਜਲ ਖ਼ੁਆਰੀ ਨੂੰ ਵੇਖਦੇ ਹੋਏ ਜਸਵੰਤ ਸਿੰਘ ਗੱਟਾ ਕਿਸਾਨ ਆਗੂ ਨੇ ਕਿਹਾ ਕਿ ਇਸ ਟੁੱਟੀ ਸੜਕ 'ਤੇ ਓਵਰਬਿ੍ਜ ਨਾ ਹੋਣ ਕਾਰਨ ਭਾਰੀ ਟਰੈਫ਼ਿਕ ਤੋ ਨਿਜਾਤ ਪਾਉਣ ਲਈ ਜਨਤਾ ਨੇ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਸ ਓਵਰ ਬਿ੍ਜ ਅਤੇ ਟੁੱਟੀ ਸੜਕ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਏ | ਇਸ ਸਬੰਧੀ ਸਥਾਨਕ ਪ੍ਰਤੀਨਿਧੀ ਵਲੋਂ ਹਲਕਾ ਵਿਧਾਇਕ ਨਰੇਸ਼ ਕਟਾਰੀਆ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਦ ਮੈਂ ਇਸ ਓਵਰ ਬਿ੍ਜ ਦਾ ਮਸਲਾ ਵਿਧਾਨ ਸਭਾ ਵਿਚ ਉਠਾਇਆ ਤਾਂ ਕੈਬਨਿਟ ਮੰਤਰੀ ਨੇ ਇਹ ਕਿਹਾ ਸੀ ਕਿ ਤੁਸੀਂ ਹਲਕੇ ਵਿਚ ਪਹੁੰਚੋ ਅਸੀਂ ਉਸ ਤੋਂ ਪਹਿਲਾਂ ਕੰਮ ਸ਼ੁਰੂ ਕਰ ਦੇਵਾਂਗਾ | ਪਰ ਜਦ ਮੈਂ ਹਲਕੇ ਵਿਚ ਆ ਕੇ ਇਸ ਸਬੰਧੀ ਪੜਤਾਲ ਕੀਤੀ ਤਾਂ ਮੈਨੂੰ ਪਤਾ ਚੱਲਿਆ ਕਿ ਵੱਡੀ ਗਿਣਤੀ ਵਿਚ ਸੜਕ ਵਿਚ ਆਈਆਂ ਦੁਕਾਨਾਂ ਦੇ ਮਾਲਕਾਂ ਨੂੰ ਪੈਸੇ ਨਹੀਂ ਮਿਲੇ | ਉਨ੍ਹਾਂ ਕਿਹਾ ਇਸ ਸੰਬੰਧ ਵਿਚ ਸੰਬੰਧਿਤ ਮਹਿਕਮੇ ਦੇ ਅਧਿਕਾਰੀਆਂ ਅਤੇ ਦੁਕਾਨ ਮਾਲਕਾਂ ਦੀਆਂ ਦੋ ਮੀਟਿੰਗਾਂ ਕਰਵਾਈਆਂ ਅਤੇ ਇਹ ਮਸਲਾ ਹੱਲ ਕਰਵਾ ਕੇ ਕੰਮ ਸ਼ੁਰੂ ਕਰਵਾ ਦੇਵਾਂਗੇ | ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਨੇ ਕਿਹਾ ਕਿ ਜਦ ਰਾਹਗੀਰਾਂ ਤੋਂ ਵੱਡਾ ਟੋਲ ਟੈਕਸ ਵਸੂਲਿਆ ਜਾਂਦਾ ਹੈ ਤਾਂ ਇਸ ਰੇਲਵੇ ਫਾਟਕ ਦੋਨੋਂ ਤਰਫ਼ ਸੜਕ ਨੂੰ ਬਣਾਉਣ ਵਿਚ ਖਰਚਾ ਕੀ ਵਾਹਨ ਚਾਲਕ ਕਰਨ | ਉਨ੍ਹਾਂ ਕਿਹਾ ਕਿ ਜਦ ਤੱਕ ਇਹ ਓਵਰ ਬਿ੍ਜ ਨਹੀਂ ਬਣਦਾ ਜਾਂ ਤਾਂ ਟੋਲ ਪਲਾਜਾ ਬੰਦ ਕਰ ਦਿੱਤਾ ਜਾਏ ਜਾਂ ਫਿਰ ਇਸ ਸੜਕ ਨੂੰ ਵਧੀਆ ਤਰੀਕੇ ਨਾਲ ਰਿਪੇਅਰ ਕੀਤਾ ਜਾਏ | ਦਰਸ਼ਨ ਸਿੰਘ ਮਹੀਆਂ ਸਿੰਘ ਵਾਲਾ ਕਾਰਜਕਾਰੀ ਕਮੇਟੀ ਮੈਂਬਰ ਪੰਜਾਬ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਕਿਹਾ ਕਿ ਇਹ ਸੜਕ ਪੂਰੇ ਮਾਲਵੇ ਦੇ ਇਲਾਕੇ ਨੂੰ ਮਾਝੇ ਨਾਲ ਜੋੜਦੀ ਹੈ ਤੇ ਵੱਡੀ ਗਿਣਤੀ ਵਿਚ ਯਾਤਰੂ ਸ੍ਰੀ ਅੰਮਿ੍ਤਸਰ ਸਾਹਿਬ, ਸ਼੍ਰੀ ਤਰਨ ਤਰਨ ਸਾਹਿਬ, ਬਾਬਾ ਬੁੱਢਾ ਸਾਹਿਬ ਜੀ, ਗੋਇੰਦਵਾਲ ਸਾਹਿਬ ਜੀ ਅਤੇ ਬਿਆਸ ਨੂੰ ਇਸ ਰਸਤੇ ਥਾਂਈਾ ਹੀ ਜਾਂਦੇ ਹਨ | ਜਿਨ੍ਹਾਂ ਦੀ ਮੱਖੂ ਦੇ ਰੇਲਵੇ ਫਾਟਕ 'ਤੇ ਵੱਡੀ ਖੱਜਲ ਖ਼ਰਾਬੀ ਹੁੰਦੀ ਹੈ | ਸਰਕਾਰ ਇਸ ਮਸਲੇ 'ਤੇ ਤੁਰੰਤ ਗ਼ੌਰ ਕਰਦੀ ਹੋਈ ਇਸ ਓਵਰ ਬਿ੍ਜ ਨੂੰ ਜਲਦ ਬਣਾਏ | ਪਰਗਟ ਸਿੰਘ ਤਲਵੰਡੀ ਸੂਬਾ ਸਕੱਤਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਕਿਹਾ ਕਿ ਇਹ ਰੋਡ ਅਕਾਲੀ ਦਲ ਦੀ ਸਰਕਾਰ ਮੌਕੇ ਬਣਿਆ ਸੀ ਬਾਅਦ ਵਿਚ ਕਾਂਗਰਸ ਵੀ ਪੰਜ ਸਾਲ ਰਾਜ ਕਰ ਗਈ | ਹੁਣ ਸਾਢੇ ਤਿੰਨ ਸਾਲ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਰਾਜ ਕਰ ਰਹੀ ਹੈ | ਕੀ ਇਹ ਸਰਕਾਰਾਂ ਇਸ ਮੁੱਦੇ ਨੂੰ ਹੱਲ ਨਹੀਂ ਸੀ ਕਰਵਾ ਸਕਦੀਆਂ | ਕੀ ਪੰਜਾਬ ਦੀ ਜਨਤਾ ਉਨ੍ਹਾਂ ਲਈ ਇਕ ਵੋਟ ਬੈਂਕ ਹੀ ਹੈ | ਦੁਕਾਨ ਮਾਲਕ ਡਾ. ਜਗੀਰ ਸਿੰਘ ਮੱਲ੍ਹੀ ਨੇ ਕਿਹਾ ਕਿ ਅਸੀਂ ਵੀ ਚਾਹੁੰਦੇ ਹਾਂ ਕਿ ਇਹ ਪੁਲ ਜਲਦ ਬਣੇ | ਪਰ ਪੰਜਾਬ ਸਰਕਾਰ ਨੂੰ ਸਭ ਤੋਂ ਪਹਿਲੇ ਦੁਕਾਨਦਾਰਾਂ ਦੇ ਹਿਤਾਂ ਨੂੰ ਸਾਹਮਣੇ ਰੱਖਦੇ ਹੋਏ ਮੁਆਵਜ਼ਾ ਜਲਦ ਦੇਣ ਅਤੇ ਕਿਸੇ ਵੀ ਦੁਕਾਨਦਾਰ ਨਾਲ ਬੇਇਨਸਾਫ਼ੀ ਨਾ ਹੋਵੇ |