ਸਿਹਤ ਵਿਭਾਗ ਦੀਆਂ ਕੋਸ਼ਿਸ਼ਾਂ ਸਦਕਾ ਗਰਭਵਤੀ ਅÏਰਤਾਂ ਦੀ ਜਣੇਪੇ ਦੌਰਾਨ ਮੌਤ ਦਰ ਦਾ ਅੰਕੜਾ ਘਟਿਆ
ਅਜੀਤ ਡੈਸਕ
19-07-2025
ਫ਼ਿਰੋਜ਼ਪੁਰ, 18 ਜੁਲਾਈ (ਕੁਲਬੀਰ ਸਿੰਘ ਸੋਢੀ)-ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੀਆਂ ਕੋਸ਼ਿਸ਼ਾਂ ਸਦਕਾ ਫ਼ਿਰੋਜ਼ਪੁਰ ਵਿਚ ਜਣੇਪੇ ਦੌਰਾਨ ਗਰਭਵਤੀ ਅÏਰਤਾਂ ਦੀ ਮੌਤ ਦਰ ਅਤੇ ਘਰੇਲੂ ਜਣੇਪਿਆਂ ਦੇ ਅੰਕੜਿਆਂ ਵਿਚ ਭਾਰੀ ਗਿਰਾਵਟ ਆਈ ਹੈ | ਇਹ ਜਾਣਕਾਰੀ ਦੀਪਸ਼ਿਖਾ ਸ਼ਰਮਾ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਵਲੋਂ ਸਿਹਤ ਵਿਭਾਗ ਦੇ ਅਧਿਕਾਰੀਆਂ, ਸਮੂਹ ਪ੍ਰੋਗਰਾਮ ਅਫ਼ਸਰ ਅਤੇ ਸਮੂਹ ਐੱਸ. ਐੱਮ. ਓਜ਼. ਨਾਲ ਮੀਟਿੰਗ ਕਰਨ ਉਪਰੰਤ ਸਾਂਝੀ ਕੀਤੀ ਗਈ | ਸਿਹਤ ਵਿਭਾਗ ਵਲੋਂ ਜੱਚਾ-ਬੱਚਾ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦੀ ਡੀ.ਸੀ ਵਲੋਂ ਜਿੱਥੇ ਸ਼ਲਾਘਾ ਕੀਤੀ ਗਈ | ਉੱਥੇ ਹੀ ਭਵਿੱਖ ਵਿਚ ਇਨ੍ਹਾਂ ਸੇਵਾਵਾਂ ਨੂੰ ਹੋਰ ਮਜ਼ਬੂਤ ਢੰਗ ਨਾਲ ਲਾਗੂ ਕਰਨ ਲਈ ਪ੍ਰੇਰਿਤ ਕੀਤਾ | ਡੀ.ਸੀ ਨੇ ਦੱਸਿਆ ਕੇ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਮਾਵਾਂ ਦੀ ਮੌਤ ਦਰ ਨੂੰ ਘਟਾਉਣ ਅਤੇ ਗਰਭਵਤੀ ਅÏਰਤਾਂ ਨੂੰ ਜਣੇਪੇ ਦੌਰਾਨ ਸਹੂਲਤਾਂ ਪ੍ਰਦਾਨ ਕਰਨ ਲਈ ਕੀਤੇ ਗਏ ਉਪਰਾਲੇ ਪੂਰੀ ਤਰ੍ਹਾਂ ਨਾਲ ਸਫਲ ਸਾਬਤ ਹੋਏ ਹਨ | ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਜਣੇਪੇ ਦੌਰਾਨ ਮਾਵਾਂ ਦੀ ਮੌਤ ਗੰਭੀਰ ਚਿੰਤਾ ਦਾ ਵਿਸ਼ਾ ਸੀ ਅਤੇ ਹਰੇਕ ਮਾਤਰੀ ਮੌਤ ਦਾ ਕਾਰਨ ਸਮਝਣ ਅਤੇ ਇਨ੍ਹਾਂ ਨੂੰ ਰੋਕਣ ਤੇ ਯੋਗ ਕਮੀਆਂ ਦੀ ਪਛਾਣ ਕਰਨ ਲਈ ਸਿਵਲ ਸਰਜਨ, ਫਰੰਟਲਾਈਨ ਕਰਮਚਾਰੀਆਂ ਤੇ ਡਾਕਟਰਾਂ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ | ਇਸ ਤੋਂ ਇਲਾਵਾ, ਹਾਈ ਰਿਸਕ ਗਰਭਵਤੀ ਮਹਿਲਾਵਾਂ ਨੂੰ ਟਰੈਕ ਕਰਨ ਅਤੇ ਉਨ੍ਹਾਂ ਦੀ ਸਿਹਤ ਸਬੰਧੀ ਜਾਣਕਾਰੀ ਲਈ ਵਾਟਸ ਅੱਪ ਗਰੁੱਪ ਬਣਾਇਆ ਗਿਆ ਸੀ, ਜਿਸ ਵਿਚ ਸਟਾਫ਼ ਨਰਸਾਂ, ਮੈਡੀਕਲ ਅਫ਼ਸਰਾਂ, ਡਾਕਟਰਾਂ ਨੂੰ ਜੋੜਿਆ ਗਿਆ |
ਉਨ੍ਹਾਂ ਕਿਹਾ ਕਿ ਇਸ ਸਾਂਝੀ ਕੋਸ਼ਿਸ਼ ਸਦਕਾ ਜ਼ਿਲ੍ਹੇ ਵਿਚ ਪਿਛਲੇ ਪੰਜ ਮਹੀਨਿਆਂ ਤੋਂ ਲਗਭਗ ਜ਼ੀਰੋ ਮਾਵਾਂ ਦੀ ਮੌਤ ਦਰ ਦੇ ਅੰਕੜੇ ਨੂੰ ਕਾਇਮ ਰੱਖਣ ਵਿਚ ਸਫਲਤਾ ਮਿਲੀ ਹੈ ਅਤੇ 2025 ਵਿਚ ਐੱਮ.ਐੱਮ.ਆਰ. ਦਾ ਅੰਕੜਾ ਘੱਟ ਕੇ 55.5 ਰਹਿ ਗਿਆ ਹੈ | ਉਨ੍ਹਾਂ ਦੱਸਿਆ ਕਿ ਨੀਤੀ ਆਯੋਗ ਵਲੋਂ ਚੰਗੀਆਂ ਸੇਵਾਵਾਂ ਬਦਲੇ ਜ਼ਿਲ੍ਹਾ ਫ਼ਿਰੋਜ਼ਪੁਰ ਨੂੰ 5 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦੇ ਸਨਮਾਨਿਤ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਅਗਲੇ 18 ਮਹੀਨਿਆਂ ਵਿਚ ਅਮਰੀਕਾ ਆਧਾਰਿਤ ਇਹ ਐੱਨ.ਜੀ.ਓ. ਜ਼ਿਲ੍ਹੇ ਵਿਚ ਮਾਤਰੀ ਮੌਤ ਦਰ ਘਟਾਉਣ ਲਈ ਸਿਹਤ ਵਿਭਾਗ ਨਾਲ ਮਿਲ ਕੇ ਇਕ ਟਿਕਾਊ ਮਾਡਲ ਵਿਕਸਤ ਕਰਨ ਲਈ ਅਧਿਕਾਰੀਆਂ ਨਾਲ ਕੰਮ ਕਰੇਗਾ |