ਫ਼ਿਰੋਜ਼ਪੁਰ, 18 ਜੁਲਾਈ (ਕੁਲਬੀਰ ਸਿੰਘ ਸੋਢੀ)-ਪੰਜਾਬ ਸਟੇਟ ਨਰਸੀਜ ਐਸੋਸੀਏਸ਼ਨ ਡੀ. ਐੱਚ. ਐੱਸ. ਦੇ ਸੱਦੇ 'ਤੇ ਸਿਵਲ ਹਸਪਤਾਲ ਫ਼ਿਰੋਜਪੁਰ ਦੇ ਸਮੂਹ ਨਰਸਿੰਗ ਸਟਾਫ਼ ਵਲੋਂ ਇਕੱਠੇ ਹੋ ਕੇ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਗਏ 17-7-2020 ਦੀਆਂ ਤਨਖ਼ਾਹ ਸੋਧਾ ਵਾਲੇ ਜਾਰੀ ਕੀਤੇ ਗਏ ਆਰਡਰਾਂ ਦੀਆਂ ਕਾਪੀਆਂ ਫੂਕੀਆਂ ਗਈਆਂ, ਕਿਉਂਕਿ ਇਸ ਨਾਲ ਵੱਡੇ ਪੱਧਰ 'ਤੇ ਮੁਲਾਜ਼ਮਾਂ ਦੀਆਂ ਤਨਖ਼ਾਹ ਵਿਚ ਕਟੌਤੀ ਹੁੰਦੀ ਹੈ | ਗੱਲਬਾਤ ਕਰਦਿਆਂ ਨਰਸਿੰਗ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡੈਲਫੀਨਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ 17/7/2020 ਤੋਂ ਬਾਅਦ ਭਰਤੀ ਹੋਏ ਸਟਾਫ਼ ਨੂੰ ਅਧੂਰਾ 7ਵੇਂ ਕੇਂਦਰੀ ਸਕੇਲਾਂ ਨੂੰ ਲਾਗੂ ਕਰਕੇ ਪੂਰੀ ਤਨਖ਼ਾਹ ਨਾ ਦੇਣ ਦੀ ਬਜਾਏ ਘੱਟ ਸਕੇਲਾਂ 'ਤੇ ਤਨਖ਼ਾਹ ਦੇਣੀ ਸ਼ੁਰੂ ਕੀਤੀ, ਜਿਸਦਾ ਵਿਰੋਧ ਪਿਛਲੇ ਸਮੇਂ ਤੋਂ ਲਗਾਤਾਰ ਚੱਲ ਰਿਹਾ ਹੈ, ਪਰ ਸਰਕਾਰ ਦੇ ਕੰਨਾਂ 'ਤੇ ਜੰੂ ਨਹੀਂ ਸਰਕ ਰਹੀ | ਜਾਣਕਾਰੀ ਦਿੰਦਿਆਂ ਆਗੂ ਗੁਰਮੇਲ ਸਿੰਘ ਨੇ ਦੱਸਿਆ ਕਿ ਜੇਕਰ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਜਲਦੀ ਨਹੀਂ ਮੰਨਦੀ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ ਅਤੇ ਇਸਦੀ ਜ਼ਿੰਮੇਵਾਰੀ ਡਾਇਰੈਕਟਰ ਸਿਹਤ ਸੇਵਾਵਾਂ ਸਿਹਤ ਮੰਤਰੀ ਅਤੇ ਪੰਜਾਬ ਸਰਕਾਰ ਦੀ ਹੋਵੇਗੀ | ਰੋਸ ਪ੍ਰਦਰਸ਼ਨ ਸਮੇਂ ਭਾਰਤ ਭੂਸ਼ਣ, ਗੁਰਮੇਲ ਸਿੰਘ, ਮਲਕੀਤ ਸਿੰਘ, ਅਨੀਤਾ, ਨਰਸਿੰਗ ਸਿਸਟਰ ਪ੍ਰੀਤੀ ਲਾਂਬਾ, ਟੇਸੀ ਕੋਰਿਆਕੋਸ, ਸਟਾਫ਼ ਨਰਸ ਵੀਰਪਾਲ ਕੌਰ, ਬੰਦਨਾ, ਕਰਿਸ਼ਮਾ, ਕਾਜਲ, ਅੰਕੀਤਾ, ਸ਼ਾਈਨੀ ਤੇ ਵੱਡੀ ਗਿਣਤੀ ਵਿਚ ਨਰਸਿੰਗ ਸਟਾਫ਼ ਹਾਜ਼ਰ ਸੀ |