ਗੁਰੂਹਰਸਹਾਏ, 18 ਜੁਲਾਈ (ਕਪਿਲ ਕੰਧਾਰੀ)-ਗੁਰੂਹਰਸਹਾਏ ਸ਼ਹਿਰ ਦਾ ਨਗਰ ਕੌਂਸਲ ਦਫ਼ਤਰ ਹਮੇਸ਼ਾ ਹੀ ਆਪਣੇ ਕਿਸੇ ਨਾ ਕਿਸੇ ਕਾਰਨਾਮਿਆਂ ਨੂੰ ਲੈ ਕੇ ਸੁਰਖ਼ੀਆਂ 'ਚ ਰਹਿੰਦਾ ਹੈ ਤੇ ਇਸ ਦਫ਼ਤਰ ਦੇ ਕਰਮਚਾਰੀ ਇੰਨੇ ਲਾਪਰਵਾਹ ਹਨ ਕਿ ਉਨ੍ਹਾਂ ਨੂੰ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਦੀ ਕੋਈ ਪ੍ਰਵਾਹ ਨਹੀਂ ਹੈ | ਜਿਸ ਦੇ ਚੱਲਦਿਆਂ ਨਗਰ ਕੌਂਸਲ ਦੀ ਲਾਪਰਵਾਹੀ ਕਰਕੇ ਹਰ ਰੋਜ਼ ਲਗਾਤਾਰ ਹਾਦਸੇ ਹੋ ਰਹੇ ਹਨ | ਜਾਣਕਾਰੀ ਦਿੰਦੇ ਹੋਏ ਸਮਾਜਸੇਵਾ ਸੁਸਾਇਟੀ ਦੇ ਸਕੱਤਰ ਬੂੜ ਚੰਦ ਬਿੰਦਰਾ, ਚੇਅਰਮੈਨ ਵਿਜੇ ਮੋਂਗਾ, ਸਰਪ੍ਰਸਤ ਸਤਵਿੰਦਰ ਭੰਡਾਰੀ, ਪ੍ਰਧਾਨ ਮਦਨ ਮੋਹਨ ਕੰਧਾਰੀ, ਹਰਪ੍ਰੀਤ ਸੋਢੀ, ਸੰਦੀਪ ਮਦਾਨ, ਸਤਨਾਮ ਚਾਂਦੀ ਵਾਲਾ, ਮੁਕੇਸ਼ ਮੈਣੀ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਗੁਰੂਹਰਸਹਾਏ ਦੇ ਰੇਲਵੇ ਪੁਲ ਦੀਆਂ ਸਟਰੀਟ ਲਾਈਟਾਂ ਬੰਦ ਪਈਆਂ ਹਨ | ਸਟਰੀਟ ਲਾਈਟਾਂ ਬੰਦ ਹੋਣ ਕਰਕੇ ਬੀਤੇ ਦਿਨ ਜਿੱਥੇ ਮੋਟਰਸਾਈਕਲ ਤੇ ਸਕੂਟਰੀ ਦੀ ਟੱਕਰ 'ਚ ਕਈ ਵਿਅਕਤੀ ਜ਼ਖਮੀ ਹੋਏ ਸਨ, ਉਥੇ ਹੀ ਆਏ ਦਿਨ ਪੁਲ 'ਤੇ ਹਨੇਰਾ ਹੋਣ ਕਰਕੇ ਕਈ ਵਾਰ ਵਾਹਨਾਂ ਦੀ ਫੇਟ ਵੱਜਣ ਨਾਲ ਪਸ਼ੂਆਂ ਦੀ ਵੀ ਮੌਤ ਹੋ ਚੁੱਕੀ ਹੈ ਪਰ ਨਗਰ ਕੌਂਸਲ ਦੇ ਅਧਿਕਾਰੀ ਦੇ ਸਿਰ 'ਤੇ ਜੂੰ ਤੱਕ ਨਹੀਂ ਸਰਕ ਰਹੀ ਹੈ | ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਕਈ ਵਾਰ ਸੁਸਾਇਟੀ ਵਲੋਂ ਮੰਗ ਪੱਤਰ ਈ.ਓ ਪ੍ਰਧਾਨ ਤੇ ਹੋਰ ਅਧਿਕਾਰੀਆਂ ਨੂੰ ਦਿੱਤੇ ਜਾ ਚੁੱਕੇ ਹਨ ਪਰ ਕਿਸੇ ਵੀ ਅਧਿਕਾਰੀ ਵਲੋਂ ਇਸ ਵੱਲ ਧਿਆਨ ਨਹੀਂ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਹਨੇਰਾ ਹੋਣ ਕਰਕੇ ਪੁਲ ਉੱਪਰ ਕਈ ਲੁੱਟ ਖੋਹ ਦੀਆਂ ਵਾਰਦਾਤਾਂ ਵੀ ਹੋ ਰਹੀਆਂ ਹਨ ਪਰ ਪ੍ਰਸ਼ਾਸਨ ਇਸ ਨੂੰ ਲੈ ਕੇ ਗੰਭੀਰ ਨਹੀਂ ਹੈ | ਇਸ ਮੌਕੇ ਸੁਸਾਇਟੀ ਦੇ ਮੈਂਬਰਾਂ ਨੇ ਐਸ.ਡੀ.ਐਮ ਗੁਰੂਹਰਸਹਾਏ, ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਗੁਰੂਹਰਸਹਾਏ ਦੀਆਂ ਬੰਦ ਪਈਆਂ ਸਟਰੀਟ ਲਾਈਟਾਂ ਠੀਕ ਕਰਵਾਈਆਂ ਜਾਣ ਤਾਂ ਜੋ ਹੋ ਰਹੀਆਂ ਵਾਰਦਾਤਾਂ, ਦੁਰਘਟਨਾਵਾਂ ਆਦਿ ਤੋਂ ਬਚਿਆ ਜਾ ਸਕੇ | ਉਨ੍ਹਾਂ ਨੇ ਕਿਹਾ ਕਿ ਜੇਕਰ ਜਲਦ ਹੀ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ |