ਫ਼ਿਰੋਜ਼ਪੁਰ, 17 ਜੁਲਾਈ (ਕੁਲਬੀਰ ਸਿੰਘ ਸੋਢੀ)-ਸੂਬਾ ਸਰਕਾਰ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਠੋਸ ਕਦਮ ਚੁੱਕੇ ਜਾ ਰਹੇ ਹਨ, ਜਿਸਦੀ ਸ਼ਲਾਘਾ ਸੂਬਾ ਵਾਸੀਆਂ ਵਲੋਂ ਆਪ ਮੁਹਾਰੇ ਕੀਤੀ ਜਾ ਰਹੀ ਹੈ | ਇਸਦੇ ਨਾਲ ਸੂਬਾ ਸਰਕਾਰ ਵਲੋਂ ਜੋ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ 'ਤੇ ਠੋਸ ਕਾਰਵਾਈ ਕਰਨ ਲਈ ਜੋ ਕਾਨੂੰਨ ਬਣਾਇਆ ਗਿਆ ਹੈ, ਉਸਦਾ ਜਿੱਥੇ ਧਾਰਮਿਕ ਸੰਸਥਾਵਾਂ ਨੇ ਧੰਨਵਾਦ ਕੀਤਾ ਹੈ, ਉੱਥੇ ਸਮਾਜ ਸੇਵੀ ਸੰਸਥਾਵਾਂ ਨੇ ਵੀ ਖ਼ੁਸ਼ੀ ਜ਼ਾਹਿਰ ਕੀਤੀ ਹੈ | ਇਸਦੇ ਚੱਲਦੇ ਸੂਬਾ ਫਾਰਮੇਸੀ ਕੌਂਸਲ ਮੈਂਬਰ ਅਤੇ ਜ਼ਿਲ੍ਹਾ ਡਾਕਟਰੀ ਵਿੰਗ ਪ੍ਰਧਾਨ ਡਾ. ਅੰਮਿ੍ਤਪਾਲ ਸਿੰਘ ਸੋਢੀ ਨੇ ਸਪੀਕਰ ਪੰਜਾਬ ਕੁਲਤਾਰ ਸਿੰਘ ਸੰਧਵਾਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਤੇ ਹਲਕੇ ਦੇ ਵਿਕਾਸ ਕਾਰਜਾਂ ਤੇ ਮੈਡੀਕਲ ਸੁਵਿਧਾਵਾਂ ਦੀਆਂ ਕਮੀਆਂ ਤੋਂ ਜਾਣੂ ਕਰਵਾਇਆ | ਡਾ. ਸੋਢੀ ਨੇ ਦੱਸਿਆ ਕਿ ਜ਼ਿਲ੍ਹਾ ਫ਼ਿਰੋਜ਼ਪੁਰ ਸਰਹੱਦੀ ਖੇਤਰ ਕਰਕੇ ਵਿਕਾਸ ਪੱਖੋਂ ਕਮਜ਼ੋਰ ਹੈ ਤੇ ਪਿਛਲੇ ਲੰਬੇ ਸਮੇਂ ਤੋਂ ਪਛੜਿਆ ਹੋਇਆ ਹੈ | ਉਨ੍ਹਾਂ ਦੱਸਿਆ ਕਿ ਵਿਕਾਸ ਕਾਰਜਾਂ ਦੀ ਗਤੀ ਬਹੁਤ ਹੋਲੀ ਚੱਲ ਰਹੀ ਹੈ | ਡਾ. ਸੋਢੀ ਨੇ ਦੱਸਿਆ ਕਿ ਹਿੰਦ ਪਾਕਿ ਸੀਮਾ ਨੇੜੇ ਬਣੇ ਸ਼ਹੀਦੀ ਸਮਾਰਕਾਂ ਦੀ ਹਾਲਤ ਵੀ ਵਿਗੜੀ ਹੋਈ ਹੈ, ਜਿਸ ਸਬੰਧੀ ਠੋਸ ਕਦਮ ਚੁੱਕੇ ਜਾਣ | ਡਾ. ਸੋਢੀ ਨੇ ਜ਼ਿਲ੍ਹੇ ਦੇ ਮੁੱਖ ਹਸਪਤਾਲ ਦੇ ਮੰਦੇ ਹਾਲਤਾਂ ਤੋਂ ਜਾਣੂ ਕਰਵਾਉਂਦੇ ਹੋਏ ਦੱਸਿਆ ਕਿ ਵੱਡੇ ਪੱਧਰ 'ਤੇ ਮੈਡੀਕਲ ਸੁਵਿਧਾਵਾਂ ਦੇਣ ਤੋਂ ਪਛੜਿਆ ਹੋਇਆ ਹੈ, ਜਿਸ ਕਰਕੇ ਜ਼ਿਲ੍ਹਾ ਵਾਸੀਆਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਦੱਸਿਆ ਕਿ ਸਪੀਕਰ ਸੰਧਵਾਂ ਨੇ ਵਿਸ਼ਵਾਸ ਦਿੱਤਾ ਕਿ ਜ਼ਿਲ੍ਹਾ ਫ਼ਿਰੋਜ਼ਪੁਰ ਨੂੰ ਪਛੜਿਆ ਨਹੀਂ ਰਹਿਣ ਦਿੱਤਾ ਜਾਵੇਗਾ ਅਤੇ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕਰਕੇ ਤੇਜ਼ੀ ਲਿਆਂਦੀ ਜਾਵੇਗੀ |