ਮਮਦੋਟ, 17 ਜੁਲਾਈ (ਸੁਖਦੇਵ ਸਿੰਘ ਸੰਗਮ)-ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਝੋਕ ਟਹਿਲ ਸਿੰਘ ਵਾਲਾ ਦੇ ਪ੍ਰਧਾਨ ਬੂਟਾ ਸਿੰਘ ਕਰੀਆਂ, ਜੋਨ ਖ਼ਜ਼ਾਨਚੀ ਰਜਿੰਦਰ ਸਿੰਘ ਅਤੇ ਜ਼ੋਨ ਸਕੱਤਰ ਗੁਰਨਾਮ ਸਿੰਘ ਦੀ ਅਗਵਾਈ ਹੇਠ ਜੋਨ ਦੇ ਸਾਰੇ ਪਿੰਡ ਇਕਾਈਆਂ ਦੇ ਪ੍ਰਧਾਨ ਅਤੇ ਹੋਰ ਆਗੂਆਂ ਦੀ ਹਾਜ਼ਰੀ ਵਿਚ ਘਰੇਲੂ ਖਪਤਕਾਰਾਂ ਦੇ ਚਿੱਪ ਵਾਲੇ ਮੀਟਰ ਲਾਹ ਕੇ ਸਬ ਡਵੀਜ਼ਨ ਝੋਕ ਟਹਿਲ ਸਿੰਘ ਵਿਖੇ ਐੱਸ.ਡੀ.ਓ. ਦੀ ਹਾਜ਼ਰੀ ਜਮਾਂ ਕਰਵਾਏ ਗਏ | ਇਸ ਮੌਕੇ ਕਿਸਾਨ ਆਗੂਆਂ ਨੇ ਦੱਸਿਆ ਕਿ ਆਮ ਲੋਕਾਂ ਨੂੰ ਇਨ੍ਹਾਂ ਮੀਟਰਾਂ ਦੇ ਨੁਕਸਾਨ ਬਾਰੇ ਸਮਝ ਆ ਗਈ ਹੈ ਕਿ ਇਹ ਖਪਤਕਾਰਾਂ ਲਈ ਕਿੰਨੇ ਮਾਰੂ ਹਨ, ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਬਿਜਲੀ ਬਿੱਲ 2020 ਅੰਦਰ ਖਾਤੇ ਲਾਗੂ ਕੀਤਾ ਹੋਇਆ ਹੈ | ਬਿਜਲੀ ਵੰਡ ਕਾਰਪੋਰੇਸ਼ਨ ਅਡਾਨੀ ਗਰੁੱਪ ਕੋਲ ਹੈ ਜਿਸਨੇ ਬਿਜਲੀ ਮੀਟਰ ਬਣਾ ਕੇ ਬਿਜਲੀ ਵਿਭਾਗ ਨੂੰ ਦਿੱਤੇ ਹਨ | ਬਿਜਲੀ ਵਿਭਾਗ ਨੇ ਸਾਧਾਰਨ ਮੀਟਰ ਬਣਾਉਣੇ ਬੰਦ ਕਰ ਦਿੱਤੇ ਹਨ | ਸਰਕਾਰ ਨੇ 60/40 ਦੇ ਅਨੁਪਾਤ ਨਾਲ ਅੱਧ ਤੋਂ ਜ਼ਿਆਦਾ 60 ਫ਼ੀਸਦੀ ਸਮਾਰਟ ਮੀਟਰ ਲਗਾ ਕੇ ਬਿਜਲੀ ਵੰਡ ਅਡਾਨੀ ਗਰੁੱਪ ਦੇ ਹਵਾਲੇ ਕਰਨ ਦਾ ਐਗਰੀਮੈਂਟ ਕੀਤਾ ਹੈ | ਬਾਕੀ 40 ਫ਼ੀਸਦੀ ਅਡਾਨੀ ਗਰੁੱਪ ਵਲੋਂ ਸੁਰੱਖਿਆ ਬਲਾਂ ਦੀ ਸਹਾਇਤਾ ਨਾਲ ਜਬਰੀ ਲਗਾਏ ਜਾਣਗੇ | ਇਸ ਮੌਕੇ ਮੀਤ ਪ੍ਰਧਾਨ ਜੋਗਾ ਸਿੰਘ ਬੈਰਕਾਂ, ਮੀਤ ਪ੍ਰਧਾਨ ਗੁਰਭੇਜ ਸਿੰਘ ਕਿਲੀ, ਰਜਿੰਦਰ ਸਿੰਘ ਮੋਲਵੀ ਵਾਲਾ, ਗੁਰਦੇਵ ਸਿੰਘ ਦਿਲਾ ਰਾਮ, ਗੁਰਪ੍ਰੀਤ ਸਿੰਘ ਬੈਰਕਾਂ ਮੌਜੂਦ ਸਨ |