ਗੁਰੂਹਰਸਹਾਏ, 17 ਜੁਲਾਈ (ਹਰਚਰਨ ਸਿੰਘ ਸੰਧੂ)-ਥਾਣਾ ਗੁਰੂਹਰਸਹਾਏ ਵਿਖੇ ਸ਼ਿਕਾਇਤਕਰਤਾ ਖਰੈਤ ਸਿੰਘ ਪੁੱਤਰ ਜੱਗਾ ਸਿੰਘ ਵਾਸੀ ਮਹਿਲ ਸਿੰਘ ਵਾਲਾ ਨੇ ਬਿਆਨ ਦਰਜ ਕਰਵਾਏ ਕਿ ਉਸ ਦੀ ਲੜਕੀ, ਜਿਸ ਦੀ ਉਮਰ ਕਰੀਬ 15 ਸਾਲ ਹੈ, ਜੋ ਮਿਤੀ 4 ਜੁਲਾਈ ਨੂੰ ਆਪਣੀ ਦਾਦੀ ਨਾਲ ਆਪਣੀ ਭੂਆ ਤੋਸ਼ਾ ਪਤਨੀ ਹਰਮੇਸ਼ ਸਿੰਘ ਵਾਸੀ ਝੁੱਗੇ ਛਿੱਲਿਆਂ ਦੇ ਲੜਕੇ ਦੇ ਜਨਮ ਦਿਨ ਦੀ ਪਾਰਟੀ 'ਤੇ ਪਿੰਡ ਝੁੱਗੇ ਛਿੱਲਿਆਂ ਆਈ ਹੋਈ ਸੀ, ਜੋ ਮਿਤੀ 6 ਜੁਲਾਈ ਦੀ ਰਾਤ ਨੂੰ ਉਸ ਦੀ ਲੜਕੀ ਤੇ ਹੋਰ ਪਰਿਵਾਰ ਸਮੇਤ ਰੋਟੀ ਪਾਣੀ ਖਾ ਕੇ ਸੁੱਤੇ ਹੋਏ ਸੀ ਤਾਂ ਜਦ ਮੁੱਦਈ ਦੀ ਭੈਣ ਤੋਸ਼ਾ ਪਤਨੀ ਹਰਮੇਸ਼ ਨੇ 7 ਜੁਲਾਈ ਨੂੰ ਸਵੇਰੇ ਕਰੀਬ 4 ਵਜੇ ਉੱਠ ਕੇ ਦੇਖਿਆ ਤਾਂ ਘਰ ਵਿਚ ਲੜਕੀ ਮੌਜੂਦ ਨਹੀਂ ਸੀ | ਜਦ ਮੁੱਦਈ ਵਲੋਂ ਆਪਣੀ ਲੜਕੀ ਦੀ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਉਸ ਦੀ ਲੜਕੀ ਨੂੰ ਮੁਲਜ਼ਮ ਕਰਨ ਪੁੱਤਰ ਬਿੱਕਰ ਸਿੰਘ ਵਾਸੀ ਮਹਿਮਾ ਜੋ ਬਿੱਕਰ ਸਿੰਘ ਪੁੱਤਰ ਪਿਆਰਾ ਸਿੰਘ ਅਤੇ ਸ਼ਿੰਦਰ ਪਤਨੀ ਬਿੱਕਰ ਸਿੰਘ ਵਾਸੀਆਨ ਮਹਿਮਾ ਦੀ ਮਿਲੀਭੁਗਤ ਨਾਲ ਵਰਗਲਾ ਕੇ ਭਜਾ ਕੇ ਲੈ ਗਿਆ ਹੈ | ਸਹਾਇਕ ਥਾਣੇਦਾਰ ਮਹਿਲ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਮੁਲਜ਼ਮ ਕਰਨ ਪੁੱਤਰ ਬਿੱਕਰ ਸਿੰਘ, ਬਿੱਕਰ ਸਿੰਘ ਪੁੱਤਰ ਪਿਆਰਾ ਸਿੰਘ, ਸ਼ਿੰਦਰ ਪਤਨੀ ਬਿੱਕਰ ਸਿੰਘ ਵਾਸੀਆਨ ਮਹਿਮਾ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ |