ਤਲਵੰਡੀ ਭਾਈ, 17 ਜੁਲਾਈ (ਰਵਿੰਦਰ ਸਿੰਘ ਬਜਾਜ)-ਜ਼ਿਲ੍ਹਾ ਪੁਲਿਸ ਵਲੋਂ ਨਸ਼ਾ ਤਸਕਰਾਂ ਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਵਿੱਢੀ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ | ਇਸੇ ਦੇ ਚੱਲਦਿਆਂ ਥਾਣਾ ਤਲਵੰਡੀ ਭਾਈ ਦੀ ਪੁਲਿਸ ਵਲੋਂ ਕਾਰ ਸਵਾਰ ਇਕ ਨਸ਼ਾ ਤਸਕਰ ਨੂੰ ਕਾਬੂ ਕਰਕੇ ਉਸ ਕੋਲੋਂ 2 ਕਿੱਲੋ ਅਫ਼ੀਮ ਤੇ 1 ਆਈ ਫ਼ੋਨ ਬਰਾਮਦ ਕਰਨ 'ਚ ਵੱਡੀ ਸਫਲਤਾ ਹਾਸਿਲ ਕੀਤੀ ਹੈ | ਇਸ ਸੰਬੰਧੀ ਥਾਣਾ ਮੁੱਖ ਅਫ਼ਸਰ ਇੰਸਪੈਕਟਰ ਬਲਰਾਜ ਸਿੰਘ ਨੇ ਦੱਸਿਆ ਕਿ ਜਦ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਨੇੜੇ ਸਟੇਡੀਅਮ ਤਲਵੰਡੀ ਭਾਈ ਮੌਜੂਦ ਸੀ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਮੁਲਜ਼ਮ ਕਰਨਵੀਰ ਸਿੰਘ ਉਰਫ਼ ਕਰਨ ਪੁੱਤਰ ਗੁਰਮੇਜ ਸਿੰਘ ਵਾਸੀ ਅੱਛੇ ਵਾਲਾ ਆਰਿਫ਼ ਕੇ ਜੋ ਕਿ ਅਫ਼ੀਮ ਵੇਚਣ ਦਾ ਆਦੀ ਹੈ, ਜੋ ਹੁਣ ਵੀ ਕਾਰ ਸਵਿਫ਼ਟ ਨੰਬਰ ਪੀ. ਬੀ.05.ਐਨ-9977 ਰੰਗ ਸਿਲਵਰ 'ਤੇ ਖੋਸਾ ਦਲ ਸਿੰਘ ਤੋਂ ਤਲਵੰਡੀ ਭਾਈ ਨੂੰ ਆ ਰਿਹਾ ਹੈ | ਇੰਸਪੈਕਟਰ ਬਲਰਾਜ ਸਿੰਘ ਨੇ ਦੱਸਿਆ ਕਿ ਇਤਲਾਹ ਭਰੋਸੇਯੋਗ ਹੋਣ 'ਤੇ ਨਾਕਾਬੰਦੀ ਕਰਦਿਆਂ ਮੁਲਜ਼ਮ ਕਰਨਵੀਰ ਸਿੰਘ ਉਕਤ ਨੂੰ ਕਾਬੂ ਕੀਤਾ ਗਿਆ, ਜਿਸ ਕੋਲੋਂ 2 ਕਿੱਲੋ ਅਫ਼ੀਮ ਤੇ ਇਕ ਆਈ ਫ਼ੋਨ ਬਰਾਮਦ ਹੋਇਆ | ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮ ਕਰਨਵੀਰ ਸਿੰਘ ਉਰਫ਼ ਕਰਨ ਪੁੱਤਰ ਗੁਰਮੇਜ ਸਿੰਘ ਵਾਸੀ ਅੱਛੇ ਵਾਲਾ ਆਰਿਫ਼ ਕੇ ਜ਼ਿਲ੍ਹਾ ਫ਼ਿਰੋਜ਼ਪੁਰ ਖ਼ਿਲਾਫ਼ ਥਾਣਾ ਤਲਵੰਡੀ ਭਾਈ ਅੰਦਰ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ |