ਮਲੇਰਕੋਟਲਾ 3 ਦਸੰਬਰ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ) - ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ 14 ਦਸੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਮਨਪ੍ਰੀਤ ਕੌਰ ਪੀ.ਸੀ.ਐਸ. ਨੂੰ ਅਬਜ਼ਰਵਰ ਲਾਇਆ ਗਿਆ ਹੈ ਤਾਂ ਜੋ ਸਮੁੱਚੀ ਚੋਣ ਪ੍ਰਕਿਰਿਆ 'ਤੇ ਸਖ਼ਤ ਨਜ਼ਰ ਰੱਖੀ ਜਾ ਸਕੇ ਅਤੇ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣ ਪ੍ਰਕਿਰਿਆ ਮੁਕੰਮਲ ਹੋ ਸਕੇ | ਅਬਜ਼ਰਵਰ ਮਨਪ੍ਰੀਤ ਕੌਰ ਨੇ ਚੋਣ ਪ੍ਰਕਿਰਿਆ ਹਰ ਹਾਲ 'ਚ ਸ਼ਾਂਤੀਪੂਰਣ ਢੰਗ ਨਾਲ ਮੁਕੰਮਲ ਕਰਨ ਦੀ ਹਦਾਇਤ ਕੀਤੀ | ਅਬਜ਼ਰਵਰ ਮਨਪ੍ਰੀਤ ਕੌਰ ਨੇ ਕਿਹਾ ਕਿ ਇਸ ਚੋਣ ਪ੍ਰਕਿਰਿਆ ਨੂੰ ਨਿਰਪੱਖ ਅਤੇ ਸ਼ਾਂਤੀਪੂਰਨ ਮਾਹੌਲ 'ਚ ਮੁਕੰਮਲ ਕਰਨੀ ਉਨ੍ਹਾਂ ਦੀ ਪਹਿਲੀ ਤਰਜ਼ੀਹ ਰਹੇਗੀ | ਉਨ੍ਹਾਂ ਕਿਹਾ ਕਿ ਜੇਕਰ ਕੋਈ ਵੋਟਰ ਜਾਂ ਉਮੀਦਵਾਰ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਜਾਂ ਕੋਈ ਸੁਝਾਓ ਸਾਂਝਾ ਕਰਨ ਸਮੇਤ ਕਿਸੇ ਕਿਸਮ ਦਾ ਕੋਈ ਵਿਚਾਰ ਕਰਨਾ ਚਾਹੁੰਦੇ ਹਨ ਤਾਂ ਉਹ ਮੇਰੇ ਮੋਬਾਇਲ ਨੰਬਰ ਜਾਂ ਤਾਲਮੇਲ ਅਫ਼ਸਰ ਨਾਲ ਸੰਪਰਕ ਕਰ ਸਕਦੇ ਹਨ | ਇਸ ਤੋਂ ਇਲਾਵਾ ਕੈਂਪ ਆਫ਼ਿਸ ਜੋ ਕਿ ਅਰਿਹੰਤ ਮਿਲ ਦੇ ਗੈੱਸਟ ਹਾਊਸ ਵਿਖੇ ਸਥਾਪਿਤ ਕੀਤਾ ਗਿਆ ਉੱਥੇ ਉਨ੍ਹਾਂ ਨੂੰ ਸਵੇਰ 11.30 ਤੋਂ ਦੁਪਹਿਰ 1 ਵਜੇ ਤੱਕ ਮਿਲ ਸਕਦੇ ਹਨ |