ਸੰਗਰੂਰ, 3 ਦਸੰਬਰ (ਅਮਨਦੀਪ ਸਿੰਘ ਬਿੱਟਾ)- ਦਿੱਲੀ-ਸੰਗਰੂਰ ਹਾਈਵੇ ਉੱਤੇ ਸਥਿਤ ਸੁੰਦਰ ਬਸਤੀ (ਸੁੰਦਰ ਇਨਕਲੇਵ) ਦੇ ਮੁਹੱਲਾ ਨਿਵਾਸੀਆਂ ਵਲੋਂ ਕਾਂਗਰਸ ਆਗੂ ਸਤਪਾਲ ਧਾਲੀਵਾਲ ਅਤੇ ਦਵਿੰਦਰ ਧਾਲੀਵਾਲ ਦੀ ਅਗਵਾਈ ਹੇਠ ਸੜਕ ਨਾ ਬਣਾਏ ਜਾਣ ਕਾਰਨ ਰੋਸ਼ ਪ੍ਰਦਰਸ਼ਨ ਕੀਤਾ ਗਿਆ | ਧਾਲੀਵਾਲ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਡੀ.ਸੀ. ਕੋਠੀ ਤੋਂ ਲੈ ਕੇ ਬਰਨਾਲਾ ਕੈਂਚੀਆਂ ਤੱਕ ਸੀਵਰੇਜ ਲਾਇਨ ਵਿਛਾਉਣ ਲਈ ਉਪਰੋਕਤ ਸੜਕ ਦਾ ਅੱਧਾ ਹਿੱਸਾ ਪੱਟ ਕੇ ਕੰਮ ਸ਼ੁਰੂ ਕੀਤਾ ਗਿਆ ਸੀ, ਜਿਸ ਨੰੂ ਪੂਰਾ ਹੋਇਆ ਇਕ ਸਾਲ ਦਾ ਸਮਾਂ ਵੀ ਹੋ ਚੁੱਕਿਆ ਹੈ | ਉਨ੍ਹਾਂ ਕਿਹਾ ਕਿ ਦੁੱਖ ਤਾਂ ਇਸ ਗੱਲ ਦਾ ਹੈ ਕਿ ਸੜਕ ਦਾ ਪੱਟਿਆ ਹਿੱਸਾ ਮੁੜ ਨਾ ਬਨਾਉਣ ਕਾਰਨ ਜਿੱਥੇ ਸੜਕ ਦੇ ਦੂਜੇ ਹਿੱਸੇ ਤੋਂ ਭਾਰੀ ਆਵਾਜਾਈ ਦੇ ਚੱਲਦਿਆਂ ਦੁਰਘਟਨਾਵਾਂ ਦਾ ਡਰ ਬਣਿਆ ਰਹਿੰਦਾ ਹੈ, ਉੱਥੇ ਇਸ ਸੜਕ ਤੋਂ ਮੁੱਖ ਲਾਂਘਾ ਪ੍ਰੇਮ ਬਸਤੀ, ਸੁੰਦਰ ਬਸਤੀ ਨੰੂ ਹੋਣ ਕਾਰਨ ਮੁਹੱਲਾ ਨਿਵਾਸੀਆਂ ਨੰੂ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਦਾ ਹੈ | ਇਸ ਸੜਕ ਉੱਤੇ ਬਣੀਆਂ ਦੁਕਾਨਾਂ ਦੇ ਮਾਲਕਾਂ ਨੰੂ ਵੀ ਆਰਥਿਕ ਨੁਕਸਾਨ ਝੱਲਣਾ ਪੈਦਾ ਹੈ ਅਤੇ ਸੜਕ ਤੋਂ ਉੱਡਦੀ ਧੂੜ ਦੁਕਾਨਾਂ ਵਿਚ ਪਏ ਸਮਾਨ ਨੰੂ ਵੀ ਖ਼ਰਾਬ ਕਰ ਰਹੀ ਹੈ | ਧਾਲੀਵਾਲ ਨੇ ਕਿਹਾ ਕਿ ਇਸ ਤੋਂ ਇਲਾਵਾ ਸੜਕ ਉੱਤੇ ਲੱਗੀਆਂ ਸਟਰੀਟ ਲਾਈਟਾਂ ਵੀ ਬੰਦ ਪਈਆਂ ਹਨ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੜਕ ਦਾ ਕੰਮ ਜਲਦ ਮੁਕੰਮਲ ਕਰਵਾਇਆ ਜਾਵੇ, ਜੇ ਸੜਕ ਵੱਲ ਪ੍ਰਸ਼ਾਸਨ ਧਿਆਨ ਨਹੀਂ ਦਿੰਦਾ ਤਾਂ ਮੁਹੱਲਾ ਨਿਵਾਸੀ ਦੁਕਾਨਦਾਰ ਧਰਨਾ ਦੇਣ ਲਈ ਮਜਬੂਰ ਹੋਣਗੇ | ਇਸ ਮੌਕੇ ਸੋਹਨ ਸਿੰਘ, ਸੁਰਿੰਦਰ ਸਿੰਘ, ਪਰਮਜੀਤ ਸਿੰਘ, ਚਰਨਜੀਤ ਸਿੰਘ, ਸਵਿੰਦਰ ਸਿੰਘ, ਕ੍ਰਿਸ਼ਨ ਗਰਗ, ਗੋਲਡੀ, ਕਰਮਜੀਤ ਸਿੰਘ, ਯੁਵਰਾਜ ਸਾਗਰ, ਜੱਸੀ, ਬਬਨੀਸ਼ ਜੋਸ਼ੀ, ਬੱਬੂ ਆਦਿ ਮੌਜੂਦ ਸਨ |