ਛਾਜਲੀ, 20 ਨਵੰਬਰ (ਅਜਾਇਬ ਸਿੰਘ ਨੀਲੋਵਾਲ)-ਨੇੜਲੇ ਪਿੰਡ ਛਾਜਲਾ ਦੇ ਲੋਕ ਪਿਛਲੇ ਕਾਫ਼ੀ ਸਮੇਂ ਤੋਂ ਮੱਖੀਆਂ ਦੀ ਭਰਮਾਰ, ਦੂਸ਼ਿਤ ਪਾਣੀ ਅਤੇ ਖ਼ੰੂਖ਼ਾਰ ਅਵਾਰਾ ਕੁੱਤਿਆਂ ਕਾਰਨ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ | ਪਿੰਡ ਦੇ ਨੇੜੇ ਚੱਲ ਰਹੇ ਪੋਲਟਰੀ ਫਾਰਮਾਂ ਨੇ ਸਥਿਤੀ ਨੂੰ ਹੋਰ ਵੀ ਗੰਭੀਰ ਬਣਾ ਦਿੱਤਾ ਹੈ | ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪੋਲਟਰੀ ਫਾਰਮ ਦੇ ਕੂੜੇ ਅਤੇ ਗੰਦਗੀ ਕਾਰਨ ਪਿੰਡ ਵਿਚ ਮੱਖੀਆਂ ਬੇਹੱਦ ਵੱਧ ਚੁੱਕੀਆਂ ਹਨ | ਇਲਾਕੇ ਵਿਚ ਪਹਿਲਾਂ ਹੀ ਚਿਕਨ ਗੁਨੀਆ ਅਤੇ ਡੇਂਗੂ ਆਦਿ ਬਿਮਾਰੀਆਂ ਦੇ ਮਾਮਲੇ ਵਧ ਰਹੇ ਹਨ ਅਤੇ ਮੱਖੀਆਂ ਦੀ ਭਰਮਾਰ ਨਾਲ ਹੋਰ ਬਿਮਾਰੀਆਂ ਫੈਲਣ ਦਾ ਖ਼ਤਰਾ ਕਈ ਗੁਣਾ ਵਧ ਗਿਆ ਹੈ | ਲੋਕਾਂ ਦੇ ਮੁਤਾਬਕ, ਮੱਖੀਆਂ ਇੰਨੀਆਂ ਜ਼ਿਆਦਾ ਹਨ ਕਿ ਚਾਹ, ਪਾਣੀ ਤੋਂ ਲੈ ਕੇ ਰੋਟੀ ਤੱਕ ਹਰ ਚੀਜ਼ ਵਿਚ ਡਿਗ ਜਾਂਦੀਆਂ ਹਨ, ਜਿਸ ਨਾਲ ਖਾਣਾ ਪੀਣਾ ਵੀ ਦੁਸ਼ਵਾਰ ਹੋ ਗਿਆ ਹੈ | ਪਿੰਡ ਵਾਸੀਆਂ ਨੇ ਇਹ ਵੀ ਗੰਭੀਰ ਦੋਸ਼ ਲਗਾਇਆ ਹੈ ਕਿ ਪੋਲਟਰੀ ਫਾਰਮ ਦਾ ਗੰਦਾ ਪਾਣੀ ਨਹਿਰੀ ਖਾਲ ਵਿਚ ਸੁੱਟਿਆ ਜਾਂਦਾ ਹੈ | ਖੇਤਾਂ ਚ ਸਿੰਜਾਈ ਲਈ ਵਰਤਿਆ ਜਾਂਦਾ ਪਾਣੀ ਕਈ ਵਾਰ ਖੇਤਾਂ ਵਿਚ ਬਿਜਲੀ ਨਾ ਹੋਣ ਕਰ ਕੇ ਕਿਸਾਨਾਂ ਨੂੰ ਇਹੀ ਦੂਸ਼ਿਤ ਪਾਣੀ ਪੀਣਾ ਪੈਂਦਾ ਹੈ, ਜਿਸ ਨਾਲ ਬਿਮਾਰੀਆਂ ਦਾ ਖ਼ਦਸ਼ਾ ਹੋਰ ਵਧਦਾ ਹੈ | ਇਸ ਤੋਂ ਇਲਾਵਾ, ਪਿੰਡ ਵਾਸੀਆਂ ਦਾ ਇਹ ਵੀ ਕਹਿਣਾ ਹੈ ਕਿ ਪੋਲਟਰੀ ਫਾਰਮ ਵਿਚ ਮਰੀਆਂ ਹੋਈਆਂ ਮੁਰਗ਼ੀਆਂ ਬਾਹਰ ਸੁੱਟੇ ਜਾਣ ਕਰ ਕੇ ਖ਼ੰੂਖ਼ਾਰ ਕੁੱਤਿਆਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ | ਇਹ ਕੁੱਤੇ ਅਕਸਰ ਖੇਤਾਂ ਵਿਚ ਕੰਮ ਕਰਦੇ ਕਿਸਾਨਾਂ ਨੂੰ ਕੱਟ ਲੈਂਦੇ ਹਨ, ਜਿਸ ਨਾਲ ਲੋਕ ਡਰ ਅਤੇ ਦਹਿਸ਼ਤ ਵਿਚ ਜੀ ਰਹੇ ਹਨ | ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਤੁਰੰਤ ਸੁਧਾਰਾਤਮਕ ਕਦਮ ਚੁੱਕਣ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਜੇਕਰ ਜਲਦੀ ਹੱਲ ਨਾ ਕੀਤਾ ਗਿਆ ਤਾਂ ਸਿਹਤ ਸੰਬੰਧੀ ਵੱਡੀ ਸਮੱਸਿਆ ਖੜੀ ਹੋ ਸਕਦੀ ਹੈ | ਦੂਜੇ ਪਾਸੇ ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਪ੍ਰਸ਼ਾਸਨ ਨੇ ਜਲਦੀ ਕਾਰਵਾਈ ਨਾ ਕੀਤੀ ਤਾਂ ਉਹ ਧਰਨਾ ਲਗਾਉਣ ਲਈ ਮਜਬੂਰ ਹੋ ਜਾਣਗੇ | ਉਨ੍ਹਾਂ ਦਾ ਸਾਫ਼ ਕਹਿਣਾ ਹੈ ਕਿ ਉਹ ਹੁਣ ਬਹਿਸ ਨਹੀਂ, ਸਿਰਫ਼ ਹੱਲ ਚਾਹੁੰਦੇ ਹਨ |