ਸੰਗਰੂਰ, 19 ਨਵੰਬਰ (ਸੁਖਵਿੰਦਰ ਸਿੰਘ ਫੁੱਲ) - ਸਥਾਨਕ ਪਟਿਆਲਾ ਰੋਡ ਸਥਿਤ ਗੋਲਡਨ ਅਰਥ ਗਲੋਬਲ ਸਕੂਲ ਦੇ ਖੇਡ ਮੈਦਾਨ ਵਿਚ ਨਰਸਰੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਆਯੋਜਿਤ ਸਾਲਾਨਾ ਖੇਡ ਸਮਾਗਮ ਪੂਰੇ ਉਤਸ਼ਾਹ ਅਤੇ ਸ਼ਾਨਦਾਰ ਖੇਡ ਭਾਵਨਾ ਨਾਲ ਸੰਪੰਨ ਹੋ ਗਿਆ | ਖੇਡਾਂ ਦੌਰਾਨ ਬੱਚਿਆਂ ਦੀ ਖ਼ੁਸ਼ੀ, ਜੋਸ਼ ਅਤੇ ਜੇਤੂ ਪ੍ਰਾਪਤੀਆਂ ਦੀ ਗੂੰਜ ਨੇ ਮਾਹੌਲ ਨੂੰ ਹੋਰ ਵੀ ਜੋਸ਼ੀਲਾ ਬਣਾ ਦਿੱਤਾ | ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸ. ਨਵਰੀਤ ਸਿੰਘ ਵਿਰਕ ਐੱਸ.ਪੀ. ਸੰਗਰੂਰ ਅਤੇ ਸਾਬਕਾ ਅੰਤਰਰਾਸ਼ਟਰੀ ਖਿਡਾਰੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਉਨ੍ਹਾਂ ਨੇ ਬੱਚਿਆਂ ਦਾ ਮਨੋਬਲ ਵਧਾਇਆ ਅਤੇ ਆਪਣੇ ਸੰਬੋਧਨ ਵਿਚ ਕਿਹਾ, ਖੇਡਾਂ ਜਿੱਥੇ ਸਰੀਰਕ ਤੌਰ 'ਤੇ ਤੰਦਰੁਸਤ ਰੱਖਦੀਆਂ ਹਨ, ਉੱਥੇ ਹੀ ਇਹ ਬੱਚਿਆਂ ਨੂੰ ਜੀਵਨ ਵਿਚ ਅਨੁਸ਼ਾਸਨ, ਸਮੇਂ ਦੀ ਪਾਬੰਦੀ ਅਤੇ ਟੀਮ ਭਾਵਨਾ ਵਰਗੇ ਅਹਿਮ ਗੁਣ ਸਿਖਾਉਂਦੀਆਂ ਹਨ | ਅੱਜ ਦੇ ਇਹ ਛੋਟੇ ਖਿਡਾਰੀ ਹੀ ਭਵਿੱਖ ਵਿਚ ਦੇਸ਼ ਦਾ ਨਾਮ ਰੌਸ਼ਨ ਕਰਨਗੇ | ਇਸ ਮੌਕੇ ਦੌੜ ਅਤੇ ਰੀਲੇਅ ਰੇਸ ਵਿਚ ਵਿਦਿਆਰਥੀਆਂ ਨੇ ਆਪਣੀ ਅਦੁੱਤੀ ਗਤੀ, ਧੀਰਜ ਅਤੇ ਤਾਲਮੇਲ ਦਾ ਪ੍ਰਦਰਸ਼ਨ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ | ਇਸ ਤੋਂ ਇਲਾਵਾ, ਨਰਸਰੀ ਅਤੇ ਕੇ.ਜੀ. ਦੇ ਨੰਨ੍ਹੇ-ਮੁੰਨ੍ਹੇ ਬੱਚਿਆਂ ਨੇ ਆਕਰਸ਼ਕ ਪਹਿਰਾਵਿਆਂ ਵਿਚ ਸਜ ਕੇ ਫਨ ਰੇਸ ਵਿਚ ਹਿੱਸਾ ਲਿਆ, ਜਿਸ ਨੇ ਸਾਰਿਆਂ ਦਾ ਦਿਲ ਜਿੱਤ ਲਿਆ | ਇਸ ਖੇਡ ਦਿਵਸ ਦੌਰਾਨ ਗ੍ਰੇਡ ਤੀਜੀ ਤੋਂ ਪੰਜਵੀਂ ਦੇ ਵਿਦਿਆਰਥੀਆਂ ਲਈ ਖ਼ਾਸ ਤੌਰ 'ਤੇ ਸਕੇਟਿੰਗ ਈਵੈਂਟ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਬੱਚਿਆਂ ਨੇ ਆਪਣੇ ਅਦੁੱਤੇ ਸੰਤੁਲਨ ਅਤੇ ਹੁਨਰ ਦਾ ਪ੍ਰਦਰਸ਼ਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ | ਨਿੱਕੇ-ਨਿੱਕੇ ਸਕੇਟਰਾਂ ਨੇ ਪੂਰੇ ਆਤਮ-ਵਿਸ਼ਵਾਸ ਅਤੇ ਤੇਜ਼ ਰਫ਼ਤਾਰ ਨਾਲ ਮੈਦਾਨ ਵਿਚ ਗੇੜੇ ਲਾਏ, ਜਿਸ ਤੋਂ ਸਪਸ਼ਟ ਸੀ ਕਿ ਇਹ ਖੇਡ ਉਨ੍ਹਾਂ ਦੇ ਰੋਜ਼ਾਨਾ ਅਭਿਆਸ ਦਾ ਹਿੱਸਾ ਹੈ | ਦਰਸ਼ਕਾਂ ਅਤੇ ਮਾਪਿਆਂ ਨੇ ਬੱਚਿਆਂ ਦੀ ਇਸ ਕਲਾ ਦੀ ਖ਼ੂਬ ਸ਼ਲਾਘਾ ਕੀਤੀ ਅਤੇ ਸਕੇਟਿੰਗ ਵਿਚ ਉਨ੍ਹਾਂ ਦੇ ਉਤਸ਼ਾਹ ਨੂੰ ਵਧਾਇਆ | ਪਿ੍ੰਸੀਪਲ ਡਾ. ਪਰਮਿੰਦਰ ਸੰਧੂ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡਾ ਉਦੇਸ਼ ਸਿਰਫ਼ ਅਕਾਦਮਿਕ ਸਿੱਖਿਆ ਦੇਣਾ ਨਹੀਂ, ਸਗੋਂ ਬੱਚਿਆਂ ਦਾ ਸਰਬਪੱਖੀ ਵਿਕਾਸ ਕਰਨਾ ਹੈ | ਸਕੂਲ ਐਗਜ਼ੀਕਿਊਟਿਵ ਡਾਇਰੈਕਟਰ ਸ. ਤੇਜਿੰਦਰ ਸਿੰਘ ਵਾਲੀਆ ਨੇ ਕਿਹਾ ਕਿ ਖੇਡਾਂ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹਨ ਅਤੇ ਸਕੂਲ ਹਮੇਸ਼ਾ ਬੱਚਿਆਂ ਨੂੰ ਅੱਗੇ ਵਧਣ ਲਈ ਉਤਸ਼ਾਹਿਤ ਕਰਦਾ ਰਹੇਗਾ | ਸਕੂਲ ਚੇਅਰਪਰਸਨ ਸਰਦਾਰਨੀ ਸੁਖਵਿੰਦਰ ਕੌਰ ਵਾਲੀਆ ਅਤੇ ਡਾਇਰੈਕਟਰ ਸ. ਸਰਬਜੀਤ ਸਿੰਘ ਵਾਲੀਆ ਨੇ ਸਾਰੇ ਅਧਿਆਪਕਾਂ, ਸਟਾਫ਼ ਅਤੇ ਮਾਪਿਆਂ ਦੇ ਸਹਿਯੋਗ ਲਈ ਧੰਨਵਾਦ ਕੀਤਾ |