23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਗੰਭੀਰਪੁਰ ਵਿਖੇ ਕੱਲ੍ਹ ਕਰਨਗੇ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਘਿਰਾਓ <br/>

ਅਜੀਤ ਡੈਸਕ 08-11-2025
ਸੰਗਰੂਰ, 7 ਨਵੰਬਰ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)-ਅੱਜ ਸਥਾਨਕ ਸਰਕਾਰੀ ਰਣਬੀਰ ਕਾਲਜ ਵਿਖੇ 1158 ਸਹਾਇਕ ਪ੍ਰੋਫ਼ੈਸਰ ਅਤੇ ਲਾਇਬ੍ਰੇਰੀਅਨ ਫ਼ਰੰਟ ਦੇ ਸੱਦੇ 'ਤੇ ਸਰਕਾਰੀ ਰਣਬੀਰ ਕਾਲਜ ਸੰਗਰੂਰ, ਸਰਕਾਰੀ ਕਾਲਜ ਰੌਸ਼ਨਵਾਲਾ ਅਤੇ ਸਰਕਾਰੀ ਸ਼ਹੀਦ ਊਧਮ ਸਿੰਘ ਕਾਲਜ ਸੁਨਾਮ ਦੇ ਸਹਾਇਕ ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨਾਂ ਨੇ ਡੀ.ਸੀ ਦਫ਼ਤਰ ਅੱਗੇ ਉਚੇਰੀ ਸਿੱਖਿਆ ਵਿਭਾਗ ਵੱਲੋਂ ਜਾਰੀ ਪੱਤਰ ਦੀਆਂ ਕਾਪੀਆਂ ਫੂਕ ਕੇ ਵਿਰੋਧ ਜਤਾਇਆ | ਸਹਾਇਕ ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨਾਂ ਨੇ ਸਰਕਾਰੀ ਰਾਜਿੰਦਰਾ ਕਾਲਜ ਤੋਂ ਮਾਰਚ ਸ਼ੁਰੂ ਕਰਦਿਆਂ ਬੱਸ ਸਟੈਂਡ ਚੌਂਕ ਵਿਚ ਨਾਅਰੇਬਾਜ਼ੀ ਕੀਤੀ ਅਤੇ ਡੀ.ਸੀ. ਦਫ਼ਤਰ ਅੱਗੇ ਪ੍ਰਦਰਸ਼ਨ ਕਰ ਕੇ ਮੰਗ ਪੱਤਰ ਸੌਂਪਿਆ ਗਿਆ | ਪ੍ਰੋ. ਪਿ੍ਤਪਾਲ ਸਿੰਘ ਨੇ ਕਿਹਾ ਕਿ ਉਚੇਰੀ ਸਿੱਖਿਆ ਵਿਭਾਗ ਵੱਲੋਂ ਜਾਰੀ ਇਸ ਪੱਤਰ ਵਿਚ ਨਾਦਰਸ਼ਾਹੀ ਢੰਗ ਨਾਲ 1158 ਸਹਾਇਕ ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨਾਂ ਦੀਆਂ ਰੈਗੂਲਰ ਸੇਵਾਵਾਂ ਨੂੰ ਸੰਕੇਤਕ ਰੂਪ ਵਿਚ 17 ਫਰਵਰੀ 2026 ਤੱਕ ਸੀਮਤ ਕੀਤਾ ਗਿਆ ਹੈ ਜਦਕਿ ਸਰਵਉੱਚ ਅਦਾਲਤ ਵੱਲੋਂ ਸਪਸ਼ਟ ਰੂਪ ਵਿਚ ਅਜਿਹਾ ਕੋਈ ਆਦੇਸ਼ ਜਾਰੀ ਨਹੀਂ ਹੋਇਆ ਹੈ | ਪ੍ਰੋ. ਸਤਵਿੰਦਰ ਸਿੰਘ ਨੇ ਦੱਸਿਆ ਕਿ ਪੱਤਰ ਮੁਤਾਬਕ 1158 ਫ਼ਰੰਟ ਦੇ ਮਹਿਲਾ ਪ੍ਰੋਫ਼ੈਸਰਾਂ ਨੂੰ ਮਿਲਣ ਵਾਲੀ ਜਣੇਪਾ ਛੁੱਟੀ ਤੱਕ ਨੂੰ ਵੀ 180 ਦਿਨਾਂ ਤੋਂ ਘੱਟ ਕਰ ਕੇ 17 ਫਰਵਰੀ 2026 ਤੱਕ ਸੀਮਤ ਕਰ ਦਿੱਤਾ ਗਿਆ ਹੈ ਜੋ ਕਿ ਸੰਵਿਧਾਨਿਕ ਤੌਰ 'ਤੇ ਗੈਰ ਕਾਨੂੰਨੀ ਅਤੇ ਮਾਨਵੀ ਪੱਧਰ ਉੱਤੇ ਸ਼ਰਮਨਾਕ ਹੈ | ਪ੍ਰੋ. ਮਸਤ ਸਿੰਘ ਨੇ ਦੋਸ਼ ਲਾਇਆ ਕਿ ਪੱਤਰ ਵਿਚ 1158 ਸਹਾਇਕ ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨਾਂ ਦਾ ਸਪਸ਼ਟ ਤੌਰ 'ਤੇ ਜ਼ਿਕਰ ਕਰਦੇ ਹੋਏ 'ਉੱਚ ਅਧਿਆਨ ਲਈ ਛੁੱਟੀ', ਮੈਡੀਕਲ ਛੁੱਟੀ, ਇੱਥੋਂ ਤੱਕ ਕਿ ਤਨਖ਼ਾਹ ਤੋਂ ਬਿਨਾਂ ਛੁੱਟੀ ਉੱਤੇ ਵੀ ਪਾਬੰਦੀ ਲਾਉਣ ਦੀ ਗੱਲ ਆਖੀ ਗਈ ਹੈ ਜੋ ਪੰਜਾਬ ਸਿਵਲ ਸੇਵਾ ਨਿਯਮਾਂ ਅਤੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ | ਪ੍ਰੋ. ਹਰਕੰਵਲ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਰੁਜ਼ਗਾਰ ਨੂੰ ਵਿਭਾਗ ਵੱਲੋਂ ਸੰਕੇਤਕ ਰੂਪ ਵਿਚ 17 ਫਰਵਰੀ 2026 ਤੱਕ ਸੀਮਤ ਕਰਨਾ, ਹੱਕੀ ਛੁੱਟੀਆਂ ਉੱਪਰ ਜ਼ਬਰੀ ਪਾਬੰਦੀ ਆਇਦ ਕਰਨ ਦਾ ਵਤੀਰਾ ਪੰਜਾਬ ਸਰਕਾਰ ਦੇ ਲੋਕ ਵਿਰੋਧੀ ਚਿਹਰੇ ਨੂੰ ਨਸ਼ਰ ਕਰਦਾ ਹੈ | ਪ੍ਰੋ ਅਵਤਾਰ ਸਿੰਘ (ਸਰਕਾਰੀ ਕਾਲਜ ਰੌਸ਼ਨਵਾਲਾ) ਦੱਸਿਆ ਕਿ ਸਰਕਾਰ ਦੇ ਇਸ ਲੋਕ ਦੋਖੀ ਕਿਰਦਾਰ ਨੂੰ ਪੰਜਾਬ ਦੇ ਲੋਕਾਂ ਦੀ ਕਚਹਿਰੀ ਵਿਚ ਹੋਰ ਬੇਨਕਾਬ ਕਰਨ ਲਈ ਉਹ ਆਉਂਦੇ ਐਤਵਾਰ ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਰਿਹਾਇਸ਼ ਦਾ ਘਰਾਓ ਕਰਨਗੇ ਅਤੇ ਇਸ ਨਾਦਰਸ਼ਾਹੀ ਫ਼ਰਮਾਨ ਨੂੰ ਵਾਪਸ ਲੈਣ ਲਈ ਮਜਬੂਰ ਕਰ ਦੇਣਗੇ | ਇਸ ਮੌਕੇ ਪ੍ਰੋ. ਜਗਮੀਤ ਸਿੰਘ ਨੇ ਕੇਂਦਰ ਸਰਕਾਰ ਦੁਆਰਾ ਚੰਡੀਗੜ੍ਹ ਯੂਨੀਵਰਸਿਟੀ ਦੀ ਸੈਨੇਟ ਨੂੰ ਭੰਗ ਕਰਨ ਦੇ ਹੁਕਮਾਂ ਦੀ ਫ਼ਰੰਟ ਵੱਲੋਂ ਨਿਖੇਧੀ ਵੀ ਕੀਤੀ |

ਪਿਛਲੀ ਖ਼ਬਰ ਪਹਿਲਾਂ ਚੰਡੀਗੜ੍ਹ ਖੋਹਿਆ, ਫੇਰ ਪਾਣੀ ਅਤੇ ਹੁਣ ਯੂਨੀਵਰਸਿਟੀ <br/> ਅਗਲੀ ਖ਼ਬਰ ਰਾਜ ਪੱਧਰੀ ਰੋਲਰ ਸਕੇਟਿੰਗ ਮੁਕਾਬਲਿਆਂ ਵਿਚ ਹਿਤਾਂਸ਼ੀ ਨੇ ਜਿੱਤੇ ਦੋ ਸੋਨ ਤਗਮੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।