ਸ਼ੇਰਪੁਰ, 6 ਨਵੰਬਰ (ਦਰਸ਼ਨ ਸਿੰਘ ਖੇੜੀ)-ਸ਼ੇਰਪੁਰ-ਬਰਨਾਲਾ ਸੜਕ 'ਤੇ ਪਿੰਡ ਖੇੜੀ ਕਲਾਂ ਦੇ ਨਜ਼ਦੀਕ ਪਰਾਲੀ ਦੀਆਂ ਗੱਠਾ ਨਾਲ ਭਰੀ ਟਰਾਲੀ ਨੂੰ ਅੱਗ ਲੱਗਣ ਦੇ ਸਮਾਚਾਰ ਪ੍ਰਾਪਤ ਹੋਏ ਹਨ | ਜਾਣਕਾਰੀ ਅਨੁਸਾਰ ਇਹ ਪਰਾਲੀ ਦੀਆਂ ਗੱਠਾਂ ਨਾਲ ਭਰੀ ਹੋਈ ਟਰਾਲੀ ਖੇੜੀ ਤੋਂ ਸ਼ੇਰਪੁਰ ਵੱਲ ਨੂੰ ਆ ਰਹੀ ਸੀ ਤੇ ਬਿਜਲੀ ਵਾਲੀਆਂ ਤਾਰਾਂ ਨਾਲ ਟਕਰਾਉਣ ਕਾਰਨ ਇਸ ਨੰੂ ਅੱਗ ਲੱਗ ਗਈ | ਅੱਗ ਲੱਗਣ ਦੀ ਖ਼ਬਰ ਮਿਲਣ ਤੇ ਤੁਰੰਤ ਹਰਕਤ ਵਿਚ ਆਉਂਦਿਆਂ ਨਸ਼ਾ ਰੋਕੂ ਕਮੇਟੀ ਦੇ ਮੈਂਬਰਾਂ ਅਤੇ ਪਿੰਡ ਵਾਸੀਆਂ ਵੱਲੋਂ ਅੱਗ ਉੱਪਰ ਨਿੱਜੀ ਮਿੰਨੀ ਫਾਇਰ ਬਿ੍ਗੇਡ ਦੀ ਮਦਦ ਨਾਲ ਕਾਬੂ ਪਾਇਆ ਗਿਆ | ਜਦਕਿ ਹਮੇਸ਼ਾ ਦੀ ਤਰਾਂ ਫਾਇਰ ਬਿ੍ਗੇਡ ਵਾਲੀ ਗੱਡੀ ਦੇਰੀ ਨਾਲ ਹੀ ਪਹੁੰਚੀ | ਟਰਾਲੀ ਨੂੰ ਲੱਗੀ ਅੱਗ ਕਰ ਕੇ ਇਹ ਸੜਕ ਬਿਲਕੁਲ ਬੰਦ ਹੋ ਗਈ ਜਿਸ ਕਰ ਕੇ ਰਾਹਗੀਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਤੇ ਉਹ ਬਦਲਵੇਂ ਰਸ਼ਤਿਆਂ ਰਾਹੀਂ ਆਪੋ-ਆਪਣੀਆਂ ਮੰਜ਼ਿਲਾਂ 'ਤੇ ਪਹੁੰਚੇ | ਜ਼ਿਕਰਯੋਗ ਹੈ ਕਿ ਇਸ ਹਾਦਸੇ ਵਾਲੀ ਜਗ੍ਹਾ ਦੇ ਨਜ਼ਦੀਕ ਰਿਹਾਇਸ਼ੀ ਮਕਾਨ ਵੀ ਸਨ ਜਿਨ੍ਹਾਂ ਦੇ ਨਜ਼ਦੀਕ ਕੁੱਝ ਪਰਾਲੀ ਅਤੇ ਫੂਸ ਵੀ ਇਕੱਠਾ ਕੀਤਾ ਹੋਇਆ ਸੀ, ਗਨੀਮਤ ਇਹ ਰਹੀ ਕਿ ਅੱਗ ਉੱਪਰ ਸਮਾਂ ਰਹਿੰਦਿਆਂ ਕਾਬੂ ਪਾ ਲਿਆ ਗਿਆ ਨਹੀਂ ਤਾਂ ਹੋਰ ਵੀ ਵੱਡਾ ਨੁਕਸਾਨ ਹੋ ਸਕਦਾ ਸੀ |