ਮਲੇਰਕੋਟਲਾ, 6 ਨਵੰਬਰ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ)-ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੇਫ ਸਕੂਲ ਵਾਹਨ ਪੋਲਸੀ ਅਧੀਨ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਵਲੋਂ ਜ਼ਿਲੇ੍ਹ ਦੇ ਵੱਖ-ਵੱਖ ਸਕੂਲਾਂ ਦੀਆਂ ਵੈਨਾਂ ਅਤੇ ਬੱਸਾਂ ਦੀ ਚੈਕਿੰਗ ਕੀਤੀ ਗਈ | ਚੈਕਿੰਗ ਦੌਰਾਨ 4 ਸਕੂਲਾਂ ਦੀਆਂ 30 ਬੱਸਾਂ ਅਤੇ 58 ਛੋਟੀਆਂ ਵੈਨਾਂ ਦੀ ਚੈਕਿੰਗ ਕੀਤੀ ਗਈ | ਜਿਸ ਵਿਚ ਅੱਗ ਬੁਝਾਊ ਸਿਲੰਡਰ, ਪ੍ਰਦੂਸ਼ਣ, ਮੈਡੀਕਲ ਕਿੱਟ, ਨੰਬਰ ਪਲੇਟਾਂ, ਡਰਾਈਵਰ ਦੀ ਵਰਦੀ, ਲੇਡੀ ਅਟੈਂਡੈਂਟ ਆਦਿ ਦੀ ਚੈਕਿੰਗ ਕੀਤੀ ਗਈ | ਵਿਭਾਗੀ ਟੀਮ ਵੱਲੋਂ ਵਾਹਨ ਪੋਲਸੀ ਅਧੀਨ ਬਿਨਾਂ ਪੀਲੇ ਰੰਗ ਵਾਲੀ ਬੱਸ, ਅੱਗ ਬੁਝਾਊ ਸਿਲੰਡਰ, ਪ੍ਰਦੂਸ਼ਣ, ਫਸਟ ਏਡ ਬੋਕਸ ਵਰਗੇ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ 8 ਬੱਸਾਂ ਦੇ ਚਲਾਨ ਕੀਤੇ ਗਏ | ਇਸ ਚੈਕਿੰਗ ਵਿਚ ਕੁਝ ਸਕੂਲਾਂ ਦੀਆਂ ਵੈਨਾਂ ਦੇ ਸਾਰੇ ਦਸਤਾਵੇਜ਼ ਦਰੁਸਤ ਪਾਏ ਗਏ, ਜਦ ਕਿ ਖ਼ਾਮੀਆਂ ਪਾਈਆਂ ਜਾਣ ਵਾਲੀਆਂ ਬੱਸਾਂ ਦੀਆਂ ਖ਼ਾਮੀਆਂ ਨੂੰ 20 ਦਿਨਾਂ ਅੰਦਰ ਪੂਰਾ ਕਰਨ ਲਈ ਸਖ਼ਤੀ ਨਾਲ ਚਿਤਾਵਨੀ ਦਿੱਤੀ ਗਈ | ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਵਿਭਾਗ ਵੱਲੋਂ ਸਕੂਲ ਦੇ ਪਿ੍ੰਸੀਪਲ ਅਤੇ ਡਰਾਈਵਰਾਂ ਨੂੰ ਚਿਤਾਵਨੀ ਦਿੱਤੀ ਗਈ ਕਿ ਜਲਦ ਤੋਂ ਜਲਦ ਸਾਰੇ ਕਾਗ਼ਜ਼ ਪੂਰੇ ਕੀਤੇ ਜਾਣ ਅਤੇ ਸਕੂਲ ਦੀਆਂ ਬੱਸਾਂ ਵਿਚ ਮਹਿਲਾ ਅਟੈਂਡੈਂਟ ਦਾ ਹੋਣਾ ਲਾਜ਼ਮੀ ਬਣਾਇਆ ਜਾਵੇ | ਇਸ ਮੌਕੇ ਟੀਮ ਬਾਲ ਸੁਰੱਖਿਆ ਦਫ਼ਤਰ ਤੋਂ ਲੀਗਲ ਅਫ਼ਸਰ ਬਬੀਤਾ ਕੁਮਾਰੀ, ਸੋਸ਼ਲ ਵਰਕਰ ਗੁਰਜੰਟ ਸਿੰਘ, ਥਾਣਾ ਮੁਖੀ ਬਲਬੀਰ ਸਿੰਘ, ਸਿੱਖਿਆ ਵਿਭਾਗ ਤੋਂ ਫਰਹਾਨ ਖਾਨ, ਮੀਡੀਆ ਸਹਾਇਕ ਪਰਗਟ ਸਿੰਘ ਤੋਂ ਇਲਾਵਾ ਬਾਲ ਸੁਰੱਖਿਆ ਵਿਭਾਗ ਦੀ ਟੀਮ ਦੇ ਹੋਰ ਮੈਂਬਰ ਹਾਜ਼ਰ ਸਨ |