09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਨਗਰ ਕੌਂਸਲ ਦੇ ਪ੍ਰਧਾਨ ਨਹਿਲ ਖ਼ਿਲਾਫ਼ ਨਾਰਾਜ਼ ਕੌਂਸਲਰਾਂ ਵੱਲੋਂ ਬਗ਼ਾਵਤ ਦਾ ਐਲਾਨ

ਅਜੀਤ ਡੈਸਕ 24-09-2025
ਸੰਗਰੂਰ, 23 ਸਤੰਬਰ (ਅਮਨਦੀਪ ਸਿੰਘ ਬਿੱਟਾ) - ਨਗਰ ਕੌਂਸਲ ਸੰਗਰੂਰ ਉੱਪਰ ਕਾਬਜ਼ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਿਆ ਜਦ ਆਪ ਪਾਰਟੀ ਦੇ ਅੱਠ ਕੌਂਸਲਰਾਂ ਅਤੇ ਦੋ ਆਜ਼ਾਦ ਕੌਂਸਲਰਾਂ ਨੇ ਪ੍ਰਧਾਨ ਨਗਰ ਕੌਂਸਲ ਭੁਪਿੰਦਰ ਸਿੰਘ ਨਹਿਲ ਖ਼ਿਲਾਫ਼ ਖੁੱਲ੍ਹੀ ਬਗ਼ਾਵਤ ਦਾ ਐਲਾਨ ਕਰ ਦਿੱਤਾ | ਨਾਰਾਜ਼ ਕੌਂਸਲਰਾਂ ਨੇ ਇੱਕ ਹੋਰ ਆਪ ਕੌਂਸਲਰ ਸ੍ਰੀਮਤੀ ਸਲਮਾ ਦੇਵੀ ਦੇ ਸਮਰਥਨ ਦਾ ਵੀ ਦਾਅਵਾ ਕੀਤਾ ਹੈ ਜੋ ਕੁੱਝ ਨਿੱਜੀ ਕਾਰਨਾਂ ਦੇ ਚੱਲਦਿਆਂ ਪ੍ਰੈੱਸ ਕਾਨਫ਼ਰੰਸ ਵਿਚ ਮੌਜੂਦ ਨਹੀ ਹੋ ਸਕੇ ਹਨ | ਇੱਕ ਹੋਟਲ ਵਿਚ ਕੀਤੀ ਪ੍ਰੈੱਸ ਕਾਨਫ਼ਰੰਸ ਦੌਰਾਨ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੀਤ ਜੈਨ ਦੇ ਪਤੀ (ਵਾਰਡ ਨੰਬਰ 25), ਮੀਤ ਪ੍ਰਧਾਨ ਕਿ੍ਸ਼ਨ ਲਾਲ ਵਿੱਕੀ (ਵਾਰਡ ਨੰਬਰ 23), ਅਵਤਾਰ ਸਿੰਘ ਤਾਰਾ (ਵਾਰਡ ਨੰਬਰ 22), ਗੁਰਦੀਪ ਕੌਰ ਦੇ ਪਤੀ ਹਰਬੰਸ ਲਾਲ (ਵਾਰਡ ਨੰਬਰ 5), ਪ੍ਰਦੀਪ ਪੁਰੀ (ਵਾਰਡ ਨੰਬਰ 10). ਪਰਮਿੰਦਰ ਸਿੰਘ ਪਿੰਕੀ (ਵਾਰਡ ਨੰਬਰ 26), ਹਰਪ੍ਰੀਤ ਸਿੰਘ ਹੈਪੀ ਸੇਖੋਂ, (ਵਾਰਡ ਨੰਬਰ 24), ਤੋਂ ਇਲਾਵਾ ਪ੍ਰਧਾਨ ਨੂੰ ਬਾਹਰੋਂ ਸਮਰਥਨ ਕਰਨ ਵਾਲੇ ਵਿਜੈ ਲੰਕੇਸ਼ ਆਜ਼ਾਦ ਕੌਂਸਲਰ (ਵਾਰਡ ਨੰਬਰ 16), ਅਤੇ ਬੀਬੀ ਜਸਵੀਰ ਕੌਰ ਢਿੱਲੋਂ (ਵਾਰਡ ਨੰਬਰ 27) ਦੇ ਨੁਮਾਇੰਦੇ ਠੇਕੇਦਾਰ ਰਮਨਦੀਪ ਸਿੰਘ ਢਿੱਲੋਂ ਨੇ ਪ੍ਰਧਾਨ ਖ਼ਿਲਾਫ਼ ਖੁੱਲ੍ਹੀ ਬਗ਼ਾਵਤ ਦਾ ਐਲਾਨ ਕੀਤਾ | ਕੌਂਸਲਰ ਪ੍ਰਦੀਪ ਪੁਰੀ ਨੇ ਕਿਹਾ ਕਿ ਉਨ੍ਹਾਂ ਵਿਚ ਉਹ ਕੌਂਸਲਰ ਸ਼ਾਮਲ ਹਨ ਜੋ ਜਾਂ ਤਾਂ ਆਜ਼ਾਦ ਜਿੱਤੇ ਹਨ ਜਾ ਫਿਰ ਆਪ ਪਾਰਟੀ ਦੇ ਚੋਣ ਨਿਸ਼ਾਨ ਉੱਤੇ ਜੇਤੂ ਰਹੇ ਸਨ | ਇੰਨਾ ਵਿਚੋਂ ਕਈ ਆਜ਼ਾਦ ਕੌਂਸਲਰਾਂ ਦੇ ਬਾਅਦ ਵਿਚ ਆਪ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਸੀ | ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਆਪ ਦੇ ਪੰਜਾਬ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ 9 ਕੌਂਸਲਰਾਂ ਨੇ ਸੰਯੁਕਤ ਤੌਰ ਉੱਤੇ ਅਸਤੀਫ਼ਾ ਭੇਜਦਿਆਂ ਮੰਗ ਕੀਤੀ ਹੈ ਕਿ ਜਾ ਤਾਂ 30 ਸਤੰਬਰ ਤੱਕ ਪ੍ਰਧਾਨ ਭੁਪਿੰਦਰ ਸਿੰਘ ਨਹਿਲ ਨੂੰ ਹਟਾ ਦਿੱਤਾ ਜਾਵੇ ਜਾਂ ਫਿਰ ਉਨ੍ਹਾਂ ਦੇ ਪਾਰਟੀ ਤੋਂ ਅਸਤੀਫ਼ੇ ਮਨਜ਼ੂਰ ਕਰ ਲਏ ਜਾਣ | ਸਪਸ਼ਟ ਸ਼ਬਦਾਂ ਵਿਚ ਕੌਂਸਲਰਾਂ ਨੇ ਕਿਹਾ ਕਿ ਉਨ੍ਹਾਂ ਅਸਤੀਫ਼ਾ ਆਪ ਪਾਰਟੀ ਤੋਂ ਦਿੱਤਾ ਹੈ ਨਾ ਕਿ ਕੌਂਸਲਰ ਦੀ ਮੈਂਬਰਸ਼ਿਪ ਛੱਡੀ ਹੈ | ਨਾਰਾਜ਼ ਕੌਂਸਲਰ ਅਵਤਾਰ ਸਿੰਘ ਤਾਰਾ ਨੇ ਕਿਹਾ ਕਿ ਉਹ ਅਹਿਲਕਾਰਾਂ ਨੂੰ ਜਗਾਉਣ ਲਈ ਸੰਕੇਤਕ ਰੋਸ ਵਜੋਂ ਪਹਿਲਾਂ ਡਮਰੂ ਵਜਾਉਂਦੇ ਸਨ ਅਤੇ ਅੱਜ ਵੀ ਡਮਰੂ ਵਜਾ ਕੇ ਸੰਗਰੂਰ ਦੀ ਆਵਾਜ਼ ਉਠਾ ਰਹੇ ਹਨ | ਪ੍ਰਦੀਪ ਪੁਰੀ ਨੇ ਕਿਹਾ ਕਿ ਉਹ ਤਿੰਨ ਵਾਰ ਆਪ ਪ੍ਰਧਾਨ ਪੰਜਾਬ ਅਮਨ ਅਰੋੜਾ ਅਤੇ ਮੁੱਖ ਮੰਤਰੀ ਦੇ ਓ.ਐਸ.ਡੀ. ਸੁਖਵੀਰ ਸਿੰਘ ਨੂੰ ਮਿਲ ਚੁੱਕੇ ਹਨ ਕਿ ਸੰਗਰੂਰ ਸ਼ਹਿਰ ਨੂੰ ਬਚਾਉਣ ਲਈ ਭੁਪਿੰਦਰ ਸਿੰਘ ਨਹਿਲ ਨੂੰ ਹਟਾਇਆ ਜਾਵੇ ਪਰ ਉਨ੍ਹਾਂ ਨੂੰ ਸਿਵਾਏ ਲਾਰਿਆਂ ਤੋਂ ਕੁੱਝ ਨਹੀ ਮਿਲਿਆ ਪ੍ਰਧਾਨ ਕੁਰਸੀ ਨੂੰ ਚਿੰਬੜੇ ਬੈਠੇ ਹਨ | ਉਨ੍ਹਾਂ ਕਿਹਾ ਕਿ ਕਾਲੀ ਮਾਤਾ ਮੰਦਰ ਤੋਂ ਲੈ ਕੇ ਬੱਸ ਸਟੈਂਡ ਤੱਕ ਅਤੇ ਡੀ.ਸੀ. ਦਫ਼ਤਰ ਵਾਲੀ ਸੜਕ ਦੇ ਹਰ ਪਾਸੇ ਗੋਡੇ ਗੋਡੇ ਟੋਏ ਪਏ ਹਨ, ਸੀਵਰੇਜ ਸਿਸਟਮ ਪੂਰੀ ਤਰ੍ਹਾਂ ਠੱਪ ਹੈ ਅਤੇ ਲੋਕ ਗੰਦਾ ਪਾਣੀ ਪੀਣ ਲਈ ਮਜਬੂਰ ਹਨ ਪਰ ਪ੍ਰਧਾਨ ਸਾਹਬ ਮੂਕ ਦਰਸ਼ਕ ਬਣੇ ਬੈਠੇ ਹਨ | ਨਗਰ ਕੌਂਸਲ ਦੇ ਮੀਤ ਪ੍ਰਧਾਨ ਕਿ੍ਸ਼ਨ ਲਾਲ ਵਿੱਕੀ ਨੇ ਦੋਸ਼ ਲਗਾਇਆ ਕਿ ਪ੍ਰਧਾਨ ਅਨੁਸੂਚਿਤ ਵਰਗ ਦੇ ਕੌਂਸਲਰਾਂ ਜਾਤੀ ਸੂਚਕ ਸ਼ਬਦ ਵਰਤਣ ਤੋਂ ਵੀ ਗੁਰੇਜ਼ ਨਹੀ ਕਰਦਾ | ਸਾਬਕਾ ਪ੍ਰਧਾਨ ਨਗਰ ਕੌਂਸਲਰ ਹਰਬੰਸ ਲਾਲ ਜਿਨ੍ਹਾ ਦੀ ਪਤਨੀ ਗੁਰਦੀਪ ਕੌਰ ਕੌਂਸਲਰ ਹਨ, ਨੇ ਕਿਹਾ ਕਿ ਕਈ ਵਿਕਾਸ ਕਾਰਜਾਂ ਦੇ ਟੈਂਡਰ ਹੋ ਚੁੱਕੇ ਹਨ ਪਰ ਵਰਕ ਆਰਡਰ ਨਹੀ ਹੋ ਰਹੇ ਹਨ |
ਸਾਰੇ ਹੀ ਕੌਂਸਲਰ ਸਤਿਕਾਰਯੋਗ ਹਨ - ਨਹਿਲ
- ਨਗਰ ਕੌਂਸਲ ਦੇ ਪ੍ਰਧਾਨ ਭੁਪਿੰਦਰ ਸਿੰਘ ਨਹਿਲ ਨੇ ਕਿਹਾ ਕਿ ਉਨ੍ਹਾਂ ਲਈ ਸਾਰੇ ਹੀ ਕੌਂਸਲਰ ਸਤਿਕਾਰਯੋਗ ਹਨ ਭਾਵੇਂ ਉਹ ਉਨ੍ਹਾਂ ਖ਼ਿਲਾਫ਼ ਕੁੱਝ ਵੀ ਕਹਿਣ ਪਰ ਉਹ ਕੋਈ ਟਿੱਪਣੀ ਉਨ੍ਹਾਂ ਵਿਰੁੱਧ ਨਹੀ ਕਰਨਗੇ | ਉਨ੍ਹਾਂ ਕਿਹਾ ਕਿ 48 ਸਾਲ ਦੀ ਉਨ੍ਹਾਂ ਦੀ ਉਮਰ ਹੋ ਚੁੱਕੀ ਹੈ ਅਤੇ ਜਾਤੀ ਸੂਚਕ ਸ਼ਬਦ ਵਰਤਣ ਦੇ ਦੋਸ਼ ਜੋ ਕੁੱਝ ਕੌਂਸਲਰ ਲਗਾ ਰਹੇ ਹਨ, ਸਰਾਸਰ ਗ਼ਲਤ ਹਨ | ਨਹਿਲ ਨੇ ਕਿਹਾ ਕਿ ਨਗਰ ਕੌਂਸਲ ਵਿਚ ਸਟਾਫ਼ ਦੀ ਕਮੀ ਦੇ ਚੱਲਦਿਆਂ ਕੁੱਝ ਦੇਰੀ ਕੰਮਾਂ ਵਿਚ ਹੋ ਰਹੀ ਹੈ ਪਰ ਉਹ ਨਿੱਜੀ ਤੌਰ ਉੱਤੇ ਗਰਾੳਾੂਡ ਲੈਵਲ ਉੱਤੇ ਕੰਮ ਕਰ ਕੇ ਸਫ਼ਾਈ ਸੇਵਕਾਂ, ਸੀਵਰਮੈਨ ਨੂੰ ਵੀ ਕੰਮ ਕਰਨ ਪ੍ਰਤੀ ਹਲਾਸ਼ੇਰੀ ਦਿੰਦੇ ਰਹੇ ਹਨ | ਉਨ੍ਹਾਂ ਦਾਅਵਾ ਕੀਤਾ ਕਿ ਉਹ 2013 ਤੋ ਪਾਰਟੀ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਜ਼ਿੰਦਗੀ ਦਾ ਲੰਬਾ ਸਮਾ ਪਾਰਟੀ ਦੇ ਲੇਖੇ ਲਗਾਇਆ ਹੈ |
ਭਰਾਜ ਖ਼ਿਲਾਫ਼ ਵੀ ਖੋਲਿ੍ਹਆ ਮੋਰਚਾ
- ਕੌਂਸਲਰ ਪ੍ਰਦੀਪ ਪੁਰੀ ਨੇ ਕਿਹਾ ਕਿ ਪਹਿਲਾਂ ਸੰਗਰੂਰ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਤਕਰੀਬਨ ਚਾਰ ਸਾਲ ਤੱਕ ਦੇ ਕਾਰਜਕਾਲ ਦੌਰਾਨ ਕੁੱਝ ਨਹੀ ਕੀਤਾ ਹੁਣ ਪ੍ਰਧਾਨ ਭੁਪਿੰਦਰ ਸਿੰਘ ਨਹਿਲ ਨੇ ਸੰਗਰੂਰ ਦਾ ਭੱਠਾ ਬਿਠਾਅ ਦਿੱਤਾ ਹੈ | ਉਨ੍ਹਾਂ ਚਿੰਤਾ ਪ੍ਰਗਟਾਈ ਕਿ ਜੇ ਇਹੀ ਹਾਲ ਰਿਹਾ ਤਾਂ ਸੰਗਰੂਰ ਵਿਚ ਕੋਈ ਵੱਡੀ ਮਹਾਂਮਾਰੀ ਵੀ ਫੈਲ ਸਕਦੀ ਹੈ |
ਪਿਛਲੀ ਖ਼ਬਰ ਆਨੰਦ ਈਸ਼ਰ ਸਕੂਲ ਵਿਖੇ ਮੁਫ਼ਤ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ 3704 ਅਧਿਆਪਕ ਯੂਨੀਅਨ ਪੰਜਾਬ ਵਲੋਂ ਮੋਹਾਲੀ 'ਚ ਰੋਸ ਪ੍ਰਦਰਸ਼ਨ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।