ਮਲੇਰਕੋਟਲਾ, 20 ਜੁਲਾਈ (ਪਾਰਸ ਜੈਨ, ਮਨਜਿੰਦਰ ਸਿੰਘ ਸਰੌਦ)-ਕਰਮਚਾਰੀ ਰਾਜ ਬੀਮਾ ਨਿਗਮ (ਈ. ਐਸ. ਆਈ. ਸੀ.) ਵਲੋਂ ਸਮਾਜਿਕ ਸੁਰੱਖਿਆ ਦੇ ਹਿੱਸੇਦਾਰਾਂ ਦੀ ਗਿਣਤੀ ਵਧਾਉਣ ਤੇ ਕਵਰੇਜ ਫੈਲਾਉਣ ਲਈ 'ਸਪਰੀ 2025' ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ | 1 ਜੁਲਾਈ ਤੋਂ ਸ਼ੁਰੂ ਹੋ ਕੇ 31 ਦਸੰਬਰ 2025 ਤੱਕ ਚੱਲਣ ਵਾਲੀ ਇਸ ਯੋਜਨਾ ਤਹਿਤ ਅਜੇ ਤੱਕ ਅਣਪੰਜੀਕਿ੍ਤ ਉਦਯੋਗਾਂ ਤੇ ਕਰਮਚਾਰੀਆਂ, ਜਿਨ੍ਹਾਂ 'ਚ ਠੇਕਾ ਕਰਮਚਾਰੀ ਤੇ ਅਸਥਾਈ ਕਰਮਚਾਰੀ ਵੀ ਸ਼ਾਮਿਲ ਹਨ, ਨੂੰ ਬਿਨ੍ਹਾਂ ਕਿਸੇ ਜਾਂਚ ਜਾਂ ਪਿਛਲੇ ਬਕਾਇਆ ਦੀ ਮੰਗ ਤੋਂ ਆਪਣੇ ਯੂਨਿਟ ਤੇ ਕਰਮਚਾਰੀਆਂ ਦਾ ਨਾਂਅ ਲਿਖਵਾਉਣ ਦਾ ਮੌਕਾ ਦਿੱਤਾ ਜਾ ਰਿਹਾ ਹੈ | ਉਕਤ ਜਾਣਕਾਰੀ ਦਿੰਦਿਆਂ ਵਿਭਾਗ ਦੇ ਚੰਡੀਗੜ੍ਹ ਤੇ ਪੰਜਾਬ ਖੇਤਰ ਦੇ ਖੇਤਰੀ ਨਿਰਦੇਸ਼ਕ ਇੰਚਾਰਜ ਪੰਕਜ ਵੋਹਰਾ ਨੇ ਦੱਸਿਆ ਕਿ ਇਸ ਯੋਜਨਾ ਦੇ ਅਧੀਨ ਨਿਯੋਗਤਾ ਆਪਣੀ ਇਕਾਈਆਂ ਤੇ ਕਰਮਚਾਰੀਆਂ ਨੂੰ ਈ. ਐਸ. ਆਈ. ਸੀ. ਪੋਰਟਲ, ਸ਼ਰਮ ਸੁਵਿਧਾ ਪੋਰਟਲ ਤੇ ਐਮ. ਸੀ. ਏ. ਪੋਰਟਲ ਰਾਹੀਂ ਆਨਲਾਈਨ/ਡਿਜੀਟਲ ਤਰੀਕੇ ਨਾਲ ਪੰਜੀਕਿ੍ਤ ਕਰ ਸਕਦੇ ਹਨ | ਪੰਜੀਕਰਨ ਦੌਰਾਨ ਦਰਜ ਕੀਤੀ ਤਰੀਕ ਨੂੰ ਮਾਨਤਾ ਦਿੱਤੀ ਜਾਵੇਗੀ | ਇਸ ਤਰੀਕ ਤੋਂ ਪਹਿਲਾਂ ਦੀ ਮਿਆਦ ਲਈ ਕੋਈ ਯੋਗਦਾਨ ਜਾਂ ਲਾਭ ਲਾਗੂ ਨਹੀਂ ਹੋਵੇਗਾ ਤੇ ਨਾ ਹੀ ਇਸ ਮਿਆਦ ਲਈ ਕੋਈ ਜਾਂਚ ਜਾਂ ਰਿਕਾਰਡ ਦੀ ਮੰਗ ਕੀਤੀ ਜਾਵੇਗੀ | ਸਪਰੀ 2025 ਤੋਂ ਪਹਿਲਾਂ ਜੇ ਨਿਯਤ ਸਮੇਂ ਅੰਦਰ ਪੰਜੀਕਰਨ ਨਹੀਂ ਕਰਵਾਇਆ ਜਾਂਦਾ ਸੀ, ਤਾਂ ਕਾਨੂੰਨੀ ਕਾਰਵਾਈ ਤੇ ਪਿਛਲੀ ਮਿਆਦ ਦੇ ਬਕਾਇਆ ਦੀ ਮੰਗ ਕੀਤੀ ਜਾ ਸਕਦੀ ਸੀ ਪਰ ਇਹ ਯੋਜਨਾ ਤਹਿਤ ਉਕਤ ਕਾਰਵਾਈ ਤੋਂ ਛੋਟ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਇਸ ਯੋਜਨਾ ਦਾ ਮਕਸਦ ਰਹਿੰਦੇ ਉਦਯੋਗਾਂ ਤੇ ਮਜ਼ਦੂਰਾਂ ਨੂੰ ਈ. ਐਸ. ਆਈ. ਸੀ. ਦੇ ਦਾਇਰੇ ਵਿਚ ਲਿਆਉਣਾ ਅਤੇ ਸਮਾਜਿਕ ਸੁਰੱਖਿਆ ਪ੍ਰਦਾਨ ਕਰਨਾ ਹੈ |