ਮਲੇਰਕੋਟਲਾ, 19 ਜੁਲਾਈ (ਮਨਜਿੰਦਰ ਸਿੰਘ ਸਰੌਦ) - ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਅੰਦਰ ਵਿਸ਼ੇਸ਼ ਪ੍ਰੋਜੈਕਟਾਂ ਦੇ ਨਿਰਮਾਣ ਨੂੰ ਲੈ ਕੇ ਰਾਜਨੀਤਕ ਹਲਕਿਆਂ ਅੰਦਰ 'ਖ਼ਾਸੀ ਹਿਲਜੁਲ' ਮਹਿਸੂਸ ਕੀਤੀ ਜਾ ਰਹੀ ਹੈ | ਸੂਬਾ ਸਰਕਾਰ ਵਲੋਂ ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਵਾਸੀਆਂ ਲਈ ਵਿਕਾਸ ਦੀ ਦਿਸ਼ਾ ਵਿਚ ਇੱਕ ਹੋਰ ਅਹਿਮ ਕਦਮ ਚੁੱਕਦਿਆਂ, 13 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਸਬ-ਡਵੀਜ਼ਨ ਕੰਪਲੈਕਸ ਅਮਰਗੜ੍ਹ ਤੇ ਅਹਿਮਦਗੜ੍ਹ ਦੀ ਇਮਾਰਤ ਤਿਆਰ ਕਰ ਕੇ ਆਮ ਲੋਕਾਂ ਦੇ ਸਪੁਰਦ ਕਰ ਦਿੱਤੀ ਗਈ ਹੈ | ਵਿਧਾਇਕ ਅਮਰਗੜ੍ਹ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਪੰਜਾਬ ਵਿਚ ਵਧੀਆ ਪ੍ਰਸ਼ਾਸਨ ਤੇ ਲੋਕ ਭਲਾਈ ਨੀਤੀਆਂ ਰਾਹੀਂ ਹਰੇਕ ਹਲਕੇ ਦੀ ਤਰੱਕੀ ਯਕੀਨੀ ਬਣਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਸਬ-ਡਵੀਜ਼ਨ ਕੰਪਲੈਕਸ ਦੀ ਤਿਆਰੀ ਨਾਲ ਲੋਕਾਂ ਨੂੰ ਇੱਕ ਛੱਤ ਹੇਠਾਂ ਵੱਖ-ਵੱਖ ਸਰਕਾਰੀ ਸਹੂਲਤਾਂ ਮਿਲਣਗੀਆਂ, ਜਿਸ ਨਾਲ ਉਨ੍ਹਾਂ ਦਾ ਸਮਾਂ ਤੇ ਪੈਸਾ ਬਚੇਗਾ | ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਅਮਰਗੜ੍ਹ ਅਨਾਜ ਮੰਡੀ ਵਿਖੇ ਰੈਲੀ ਦੌਰਾਨ ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਹਲਕੇ ਦੀਆਂ ਲੋੜਾਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਅਹਿਮਦਗੜ੍ਹ ਵਿਖੇ ਖੇਡ ਸਟੇਡੀਅਮ, ਸੈਕੰਡਰੀ ਸਕੂਲ, ਸੀ.ਐੱਚ.ਸੀ ਸਿਹਤ ਕੇਂਦਰਾਂ ਦੀ ਅਪਗ੍ਰੇਸ਼ਨ, ਬੱਸ ਸਟੈਂਡ ਤੋਂ ਇਲਾਵਾ ਹਲਕੇ ਦੀਆਂ ਵੱਖ-ਵੱਖ ਸੜਕਾਂ ਦੇ ਨਵੀਨੀਕਰਨ ਤੇ ਉਸਾਰੀ ਦੀਆਂ ਅਹਿਮ ਮੰਗਾਂ ਹਨ ਅਤੇ ਅਮਰਗੜ੍ਹ ਦੇ ਸੀ.ਐੱਚ.ਸੀ ਨੂੰ ਅਪਗੇ੍ਰਡ ਕਰਨ ਦੀ ਮੰਗ ਤੋਂ ਜਾਣੂ ਕਰਵਾਇਆ |