ਭਵਾਨੀਗੜ੍ਹ, 19 ਜੁਲਾਈ (ਰਣਧੀਰ ਸਿੰਘ ਫੱਗੂਵਾਲਾ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸੰਗਰੂਰ ਦੇ ਨਿਰਦੇਸ਼ਾਂ 'ਤੇ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਚਲਾਈ ਮੁਹਿੰਮ ਤਹਿਤ ਪਿੰਡ ਨਰੈਣਗੜ੍ਹ ਵਿਖੇ ਬੂਟੇ ਲਗਾਉਣ ਸਬੰਧੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਅਥਾਰਟੀ ਦੇ ਅਧਿਕਾਰੀ ਅਮਰੀਸ਼ ਸਿੰਘ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਸਕੂਲ ਦੇ ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਨੂੰ ਦਿਨੋਂ ਦਿਨ ਖ਼ਰਾਬ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਵੱਧ ਤੋਂ ਵੱਧ ਬੂਟੇ ਲਗਾ ਕੇ ਉਨ੍ਹਾਂ ਨੂੰ ਪਾਲਣ ਦਾ ਸੱਦਾ ਦਿੱਤਾ | ਉਨ੍ਹਾਂ ਕਿਹਾ ਕਿ ਰੁੱਖਾਂ ਦੀ ਕਟਾਈ ਦੇ ਹਿਸਾਬ ਨਾਲ ਰੁੱਖ ਨਾ ਲੱਗਣ ਕਾਰਨ ਵਾਤਾਵਰਨ ਖ਼ਰਾਬ ਹੋ ਜਾਣ 'ਤੇ ਮਨੁੱਖੀ ਬਿਮਾਰੀਆਂ ਵਿਚ ਵਾਧਾ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਹਰ ਘਰ ਵਿਚ ਵੱਡੀ ਪੱਧਰ 'ਤੇ ਮਰੀਜ਼ ਹੋਣ ਕਾਰਨ ਦਵਾਈਆਂ ਦਾ ਸਹਾਰਾ ਲਿਆ ਜਾ ਰਿਹਾ ਹੈ | ਹਰ ਵਿਅਕਤੀ ਇਨ੍ਹਾਂ ਬਿਮਾਰੀਆਂ ਨੂੰ ਲੈ ਕੇ ਸਰਕਾਰਾਂ ਜਾਂ ਸਮਾਜ ਨੂੰ ਕੋਸਦਾ ਹੈ, ਪਰ ਕੋਈ ਵੀ ਵਿਅਕਤੀ ਖ਼ਰਾਬ ਹੋ ਰਹੇ ਵਾਤਾਵਰਨ, ਘੱਟ ਰਹੇ ਪਾਣੀ ਵੱਲ ਧਿਆਨ ਨਹੀਂ ਦੇ ਰਿਹਾ, ਜਿਸ ਨਾਲ ਬੜਾ ਘਾਤਕ ਵਰਤਾਰਾ ਚੱਲ ਰਿਹਾ ਹੈ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਵਾਤਾਵਰਨ ਨੂੰ ਬਚਾਉਣ ਲਈ ਪਿੰਡਾਂ ਵਿਚ ਬੂਟੇ ਲਗਾ ਕੇ ਉਨ੍ਹਾਂ ਨੂੰ ਪਾਲਣ ਦੀ ਜ਼ਿੰਮੇਵਾਰੀ ਪੰਚਾਇਤਾਂ ਨੂੰ ਦਿੱਤੀ ਜਾ ਰਹੀ ਹੈ, ਤਾਂ ਕਿ ਵਿਗੜ ਰਹੇ ਵਾਤਾਵਰਨ ਨੂੰ ਬਚਾਇਆ ਜਾ ਸਕੇ | ਇਸ ਮੌਕੇ ਪਿੰਡ ਦੀ ਸਰਪੰਚ ਮਨਜੀਤ ਕੌਰ ਅਤੇ ਹਮੀਰ ਸਿੰਘ ਨੇ ਦੱਸਿਆ ਕਿ ਪਿੰਡ ਵਿਚ 200 ਬੂਟੇ ਲਗਾ ਕੇ ਉਨ੍ਹਾਂ ਨੂੰ ਪਾਲਿਆ ਜਾਵੇਗਾ | ਇਸ ਮੌਕੇ ਕਰਮਜੀਤ ਸਿੰਘ, ਹਾਕਮ ਸਿੰਘ, ਹਰਵਿੰਦਰ ਸਿੰਘ, ਸੰਦੀਪ ਕੌਰ, ਸੁਖਪਾਲ ਕੌਰ, ਨਿੱਕਾ ਸਿੰਘ, ਗੁਰਵਿੰਦਰ ਕੌਰ, ਅਕਣਦੀਪ ਕੌਰ ਤੇ ਪਿੰਡ ਦੇ ਪਤਵੰਤੇ ਹਾਜ਼ਰ ਸਨ |