ਅਮਰਗੜ੍ਹ, 19 ਜੁਲਾਈ (ਪਵਿੱਤਰ ਸਿੰਘ, ਜਤਿੰਦਰ ਮੰਨਵੀ) - ਨੇੜਲੇ ਪਿੰਡ ਮੰਨਵੀ 'ਚ ਸੰਘਣੀ ਆਬਾਦੀ ਵਾਲੇ ਇਲਾਕੇ ਵਿਚ ਮੋਬਾਈਲ ਟਾਵਰ ਲਗਾਉਣ ਵਿਰੁੱਧ ਪਿੰਡ ਵਾਸੀਆਂ ਵਲੋਂ ਭਾਰੀ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ | ਪਿਛਲੇ ਇੱਕ ਹਫ਼ਤੇ ਤੋਂ ਟਾਵਰ ਦੇ ਵਿਰੋਧ ਵਿਚ ਚੱਲ ਰਹੇ ਧਰਨੇ 'ਚ ਬਜ਼ੁਰਗ ਅਤੇ ਅÏਰਤਾਂ ਸਮੇਤ ਵੱਡੀ ਗਿਣਤੀ ਵਿਚ ਲੋਕ ਸ਼ਮੂਲੀਅਤ ਕਰ ਰਹੇ ਹਨ | ਐਸ.ਸੀ ਭਾਈਚਾਰੇ ਦੀ ਅਗਵਾਈ ਵਿਚ ਪਿੰਡ ਵਾਸੀਆਂ ਨੇ ਆਪਣੀਆਂ ਚਿੰਤਾਵਾਂ ਐਸ.ਸੀ ਕਮਿਸ਼ਨ ਮੈਂਬਰ ਗੁਲਜ਼ਾਰ ਸਿੰਘ ਬੋਬੀ ਨਾਲ ਸਾਂਝੀਆਂ ਕੀਤੀਆਂ | ਗੁਲਜ਼ਾਰ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਪ੍ਰਸ਼ਾਸਨ ਨਾਲ ਗੱਲਬਾਤ ਕਰ ਕੇ ਮਾਮਲੇ ਦਾ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ | ਪਿੰਡ ਵਾਸੀਆਂ ਨੇ ਆਪਣੇ ਘਰਾਂ ਕੋਲ ਟਾਵਰ ਲਗਾਉਣ ਦਾ ਵਿਰੋਧ ਕਰਦਿਆਂ ਸਖ਼ਤ ਲਹਿਜ਼ੇ ਵਿਚ ਕਿਹਾ ਕਿ ਅਸੀਂ ਕਿਸੇ ਵੀ ਹਾਲਤ ਵਿਚ ਟਾਵਰ ਨਹੀਂ ਲੱਗਣ ਦੇਵਾਂਗੇ, ਭਾਵੇਂ ਇਸ ਲਈ ਸਾਨੂੰ ਕਿਸੇ ਵੀ ਹੱਦ ਤੱਕ ਕਿਉਂ ਨਾ ਜਾਣਾ ਪਵੇ | ਐਸ.ਡੀ.ਐਮ ਮੈਡਮ ਸੁਰਿੰਦਰ ਕੌਰ ਨੇ ਦੱਸਿਆ ਕਿ ਟਾਵਰ ਦੀ ਐਨ.ਓ.ਸੀ. ਸੰਬੰਧੀ ਜਾਣਕਾਰੀ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਮੰਗੀ ਗਈ ਹੈ | ਉਨ੍ਹਾਂ ਕਿਹਾ ਕਿ ਇਹ ਜਾਣਕਾਰੀ ਮਿਲਣ ਤੋਂ ਬਾਅਦ ਹੀ ਅਗਲਾ ਫੈਸਲਾ ਲਿਆ ਜਾਵੇਗਾ | ਇਸ ਮੌਕੇ ਸਤਵਿੰਦਰ ਸਿੰਘ ਢੀਂਡਸਾ, ਅਮਰੀਕ ਸਿੰਘ, ਸੋਨੂੰ ਸਿੰਘ, ਬੰਟੀ ਸੈਣੀ ਥਲੇਸਾ, ਲੈਕਚਰਾਰ ਰਾਜ ਭਲਵਾਨ, ਚੇਅਰਮੈਨ ਹਰਫੂਲ ਸਿੰਘ ਸਰੋਦ, ਯੂਥ ਵਿੰਗ ਪ੍ਰਧਾਨ ਗੁਰਪ੍ਰੀਤ ਸਿੰਘ ਜੋਤੀ ਕੁੱਪ ਕਲਾਂ, ਪ੍ਰਧਾਨ ਨੇਤਰ ਸਿੰਘ ਮੰਨਵੀ, ਕਾਕਾ ਪ੍ਰਧਾਨ, ਅਵਤਾਰ ਸਿੰਘ, ਸਤਨਾਮ ਸਿੰਘ, ਰਵਿੰਦਰ ਸਿੰਘ, ਗੁਰਸੇਵਕ ਸਿੰਘ, ਸੁਮਨਦੀਪ ਸਿੰਘ, ਕਮਲਜੀਤ ਕੌਰ, ਸਰਬਜੀਤ ਕੌਰ, ਮਨਦੀਪ ਕੌਰ, ਸੁਖਵਿੰਦਰ ਕੌਰ, ਬਲਜੀਤ ਕੌਰ, ਰਣਜੀਤ ਕੌਰ, ਹਰਜੀਤ ਕੌਰ ਅਤੇ ਕਮਲਪ੍ਰੀਤ ਕੌਰ ਸਮੇਤ ਕਈ ਹੋਰ ਨਗਰ ਨਿਵਾਸੀ ਹਾਜ਼ਰ ਸਨ | ਪਿੰਡ ਵਾਸੀਆਂ ਦੀ ਇੱਕਜੁੱਟਤਾ ਅਤੇ ਗੁਲਜ਼ਾਰ ਸਿੰਘ ਬੋਬੀ ਦੀ ਤੁਰੰਤ ਕਾਰਵਾਈ ਨੇ ਇਸ ਮੁੱਦੇ ਨੂੰ ਹੱਲ ਕਰਨ ਦੀ ਦਿਸ਼ਾ ਵਿਚ ਸਕਾਰਾਤਮਿਕ ਉਮੀਦ ਜਗਾਈ ਹੈ |