ਲਹਿਰਾਗਾਗਾ, 19 ਜੁਲਾਈ (ਅਸ਼ੋਕ ਗਰਗ, ਮਦਨ ਸ਼ਰਮਾ) - ਕੁਦਰਤ ਮਨੁੱਖ ਕੇਂਦਰਿਤ ਲੋਕ ਲਹਿਰ ਅਤੇ ਖੇਤੀਬਾੜੀ ਤੇ ਕਿਸਾਨ ਵਿਕਾਸ ਫ਼ਰੰਟ ਬਲਾਕ ਲਹਿਰਾਗਾਗਾ ਵਲੋਂ ਸਾਂਝੇ ਰੂਪ ਵਿਚ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਦੀ ਲੈਂਡ ਪੁਲਿੰਗ ਪਾਲਸੀ ਦੀ ਅਸਲ ਸਚਾਈ ਅਤੇ ਗਲੋਬਲ ਵਾਰਮਿੰਗ ਦੇ ਗੰਭੀਰ ਸੰਕਟ ਦੇ ਦੌਰ ਵਿਚ 'ਵਿਸ਼ਵ ਅਮਨ ਦੀ ਜ਼ਰੂਰਤ ਕਿਉਂ' ਵਿਸ਼ੇ 'ਤੇ ਜੀ.ਪੀ.ਐਫ ਧਰਮਸ਼ਾਲਾ ਲਹਿਰਾਗਾਗਾ ਵਿਖੇ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਵਿਚ ਮੁੱਖ ਬੁਲਾਰੇ ਵਜੋਂ ਬੋਲਦਿਆਂ ਸੁਖਦੇਵ ਸਿੰਘ ਭੋਪਾਲ ਕੌਮੀ ਆਗੂ ਕੁਦਰਤ ਮਨੁੱਖ ਕੇਂਦਰਿਤ ਲੋਕ ਲਹਿਰ ਨੇ ਪੰਜਾਬ ਸਰਕਾਰ ਦੀ ਲੈਂਡ ਪੋਲਿੰਗ ਪਾਲਸੀ ਦੀ ਅਸਲ ਸਚਾਈ ਲੋਕਾਂ ਸਾਹਮਣੇ ਰੱਖੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਨਵੀਂ ਲੈਂਡ ਪੋਲਿੰਗ ਪਾਲਸੀ ਦੇ ਤਹਿਤ ਕਿਸਾਨਾਂ ਤੋਂ ਜ਼ਮੀਨ ਹੜੱਪਣਾ ਚਾਹੁੰਦੀ ਹੈ ਅਤੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨਾ ਚਾਹੁੰਦੀ ਹੈ | ਜੋ ਅਰਬਨ ਸਟੇਟ ਬਣਾਉਣ ਦੀ ਗੱਲ ਪੰਜਾਬ ਸਰਕਾਰ ਕਰ ਰਹੀ ਹੈ, ਉਨ੍ਹਾਂ ਅਰਬਨ ਸਟੇਟਾਂ ਵਿਚ ਆਮ ਲੋਕ ਕਿੱਥੋਂ ਪਲਾਟ ਲੈ ਲੈਣਗੇ ਜਿੱਥੇ ਕਿ ਕਰੋੜਾਂ ਰੁਪਈਆਂ ਨੂੰ ਇੱਕ ਪਲਾਟ ਮਿਲਣਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੀ ਇਨ੍ਹੀਂ ਉਪਜਾਊ ਜ਼ਮੀਨ ਉੱਤੇ ਅਰਬਨ ਸਟੇਟ ਬਣਾਉਣੇ ਕਿੱਥੋਂ ਦੀ ਸਿਆਣਪ ਹੈ, ਜਦੋਂ ਕਿ ਦੁਨੀਆ ਭੁੱਖ ਮਰੀ ਦੀ ਕੰਗਾਰ 'ਤੇ ਪਹੁੰਚਣ ਵਾਲੀ ਹੈ | ਪੰਜਾਬ ਦੀ 99% ਜ਼ਮੀਨ ਬਹੁਤ ਹੀ ਉਪਜਾਊ ਹੈ ਅਤੇ ਸਾਰੀ ਹੀ ਸਿੰਚਾਈ ਦੇ ਅਧੀਨ ਹੈ | ਪਿਛਲੇ 10 ਸਾਲਾਂ ਦੌਰਾਨ ਇੱਕ ਲੱਖ ਏਕੜ ਤੋਂ ਵੱਧ ਜ਼ਮੀਨ ਇਹਨਾਂ ਅਰਬਨ ਸਟੇਟਾਂ ਅਧੀਨ ਕਿਸਾਨਾਂ ਤੋਂ ਖੋਹੀ ਗਈ ਹੈ | ਪਿਛਲੇ ਚਾਰ ਸਾਲਾਂ ਦੌਰਾਨ ਪੰਜਾਬ ਵਿਚੋਂ 80 ਹਜ਼ਾਰ ਏਕੜ ਜ਼ਮੀਨ ਸੜਕਾਂ ਅਤੇ ਹੋਰ ਸਰਕਾਰੀ ਪ੍ਰੋਜੈਕਟਾਂ ਅਧੀਨ ਆਈ ਹੈ | ਸਰਕਾਰ ਕਹਿ ਰਹੀ ਹੈ ਕਿ ਜ਼ਮੀਨ ਕਿਸਾਨਾਂ ਦੀ ਸਹਿਮਤੀ ਨਾਲ ਲਈ ਜਾਵੇਗੀ ਪ੍ਰੰਤੂ ਜੇ ਸਹਿਮਤੀ ਨਾਲ ਲੈਣੀ ਹੈ ਤਾਂ ਨੋਟੀਫ਼ਿਕੇਸ਼ਨ ਕਰ ਕੇ ਇਨ੍ਹਾਂ ਦੀਆਂ ਰਜਿਸਟਰੀਆਂ ਕਿਉਂ ਬੰਦ ਕਰ ਦਿੱਤੀਆਂ ਗਈਆਂ ਹਨ, ਲੋਨ ਤੇ ਤਬਾਦਲੇ ਵਗ਼ੈਰਾ ਬੰਦ ਕਰ ਦਿੱਤੇ ਗਏ ਹਨ ਕਿਸਾਨ ਤੋਂ ਇੱਕ ਏਕੜ ਜ਼ਮੀਨ ਲੈ ਕੇ ਉਸ ਨੂੰ ਇੱਕ 1200 ਗੱਜ ਦਾ ਪਲਾਟ ਦੇਣਾ ਕਿੱਧਰ ਦਾ ਨਿਆਂ ਹੈ | ਉਨ੍ਹਾਂ ਅੱਗੇ ਕਿਹਾ ਕਿ ਅੱਜ ਜਦੋਂ ਸਮੁੱਚੀ ਧਰਤੀ ਉੱਤੇ ਗਲੋਬਲ ਵਾਰਮਿੰਗ ਦਾ ਖ਼ਤਰਾ ਮੰਡਰਾ ਰਿਹਾ ਹੈ ਤਾਂ ਕਾਰਪੋਰੇਟ ਸਰਕਾਰਾਂ ਆਪਣੇ ਹਥਿਆਰ ਵੇਚਣ ਦੀ ਖਾਤਰ ਲੋਕਾਂ ਨੂੰ ਆਪਸ ਵਿਚ ਲੜਵਾ ਕੇ ਦੇਸ਼ਾਂ ਦੀਆਂ ਜੰਗਾਂ ਕਰਵਾ ਰਹੀਆਂ ਹਨ ਅਤੇ ਜੰਗਾਂ ਵਿਚ ਲੱਖਾਂ ਟਨ ਬਰੂਦ ਫ਼ੂਕ ਕੇ ਧਰਤੀ ਨੂੰ ਹੋਰ ਗਰਮ ਕਰ ਰਹੀਆਂ ਹਨ | ਸੈਮੀਨਾਰ ਨੂੰ ਜਥੇਬੰਦੀਆਂ ਵਲੋਂ ਮਹਿੰਦਰ ਸਿੰਘ ਖੋਖਰ, ਸੂਬਾ ਕਮੇਟੀ ਮੈਂਬਰ ਗੁਰਮੇਲ ਸਿੰਘ ਖਾਈ, ਮਹਿੰਦਰ ਸਿੰਘ ਭੱਠਲ ਸੂਬਾ ਪ੍ਰਧਾਨ, ਗੁਰਦਰਸ਼ਨ ਸਿੰਘ ਖੱਟੜਾ, ਜਗਪਾਲ ਸਿੰਘ ਉਦਾ, ਗੁਰਦੀਪ ਸਿੰਘ ਗਾਗਾ ਅਤੇ ਭਰਾਤਰੀ ਜਥੇਬੰਦੀਆਂ ਵਲੋਂ ਸਤਵੰਤ ਸਿੰਘ ਖੰਡੇਵਾਦ, ਬਲਵਿੰਦਰ ਸਿੰਘ ਘੋੜੇਨਾਵ, ਹਰਵਿੰਦਰ ਸਿੰਘ ਲਦਾਲ, ਜਗਜੀਤ ਸਿੰਘ ਭਟਾਲ, ਪਾਲ ਸਿੰਘ ਖਾਈ, ਰਾਮਫਲ ਸਿੰਘ ਬਸਹਿਰਾ,ਬਿੱਕਰ ਸਿੰਘ ਖੋਖਰ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ |