ਅਮਰਗੜ੍ਹ, 18 ਜੁਲਾਈ (ਜਤਿੰਦਰ ਮੰਨਵੀ, ਪਵਿੱਤਰ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਮਰਗੜ੍ਹ ਵਿਚ ਲਗਪਗ 6 ਕਰੋੜ 36 ਲੱਖ ਰੁਪਏ ਦੀ ਲਾਗਤ ਨਾਲ ਬਣੇ ਸਬ-ਡਵੀਜ਼ਨਲ ਕੰਪਲੈਕਸ ਦਾ ਉਦਘਾਟਨ ਕੀਤਾ | ਇਸ ਤੋਂ ਬਾਅਦ ਅਮਰਗੜ੍ਹ ਦੀ ਦਾਣਾ ਮੰਡੀ ਵਿਖੇ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕੀਤਾ, ਜਿਸ ਦਾ ਸੰਚਾਲਨ ਸਾਬਕਾ ਸਰਪੰਚ ਸਰਬਜੀਤ ਸਿੰਘ ਗੋਗੀ ਅਤੇ ਸਹਾਇਕ ਡਾਇਰੈਕਟਰ ਲੋਕ ਸੰਪਰਕ ਵਿਭਾਗ ਪ੍ਰਭਦੀਪ ਸਿੰਘ ਨੱਥੋਵਾਲ ਨੇ ਕੀਤਾ | ਰੈਲੀ 'ਚ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ, ਅਮਰਗੜ੍ਹ ਦੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ, ਮਲੇਰਕੋਟਲਾ ਦੇ ਵਿਧਾਇਕ ਡਾ. ਜਮੀਲ ਉਲ ਰਹਿਮਾਨ, ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਜਸਬੀਰ ਸਿੰਘ ਜੱਸੀ ਸੇਖੋ, ਪੰਜਾਬ ਖਾਦੀ ਤੇ ਗ੍ਰਾਮ ਉਦਯੋਗ ਬੋਰਡ ਦੇ ਮੈਂਬਰ ਗੁਰਦੀਪ ਸਿੰਘ ਨਿਆਮਤਪੁਰ, ਮਾਰਕੀਟ ਕਮੇਟੀ ਅਮਰਗੜ੍ਹ ਦੇ ਚੇਅਰਮੈਨ ਹਰਪ੍ਰੀਤ ਸਿੰਘ ਹੈਪੀ ਨੰਗਲ, ਨਗਰ ਸੁਧਾਰ ਟਰੱਸਟ ਮਲੇਰਕੋਟਲਾ ਦੇ ਚੇਅਰਮੈਨ ਕੇਵਲ ਸਿੰਘ ਜਾਗੋਵਾਲ, ਜ਼ਿਲ੍ਹਾ ਯੋਜਨਾ ਪਲਾਨਿੰਗ ਬੋਰਡ ਮਲੇਰਕੋਟਲਾ ਦੇ ਚੇਅਰਮੈਨ ਸਾਕਿਬ ਅਲੀ ਰਾਜਾ, ਪੰਜਾਬ ਵਕਫ਼ ਬੋਰਡ ਦੇ ਚੇਅਰਮੈਨ ਮੁਹੰਮਦ ਉਬੈਸ ਤੇ ਸਾਬਕਾ ਸਰਪੰਚ ਕੁਲਵੰਤ ਸਿੰਘ ਗੱਜਣਮਾਜਰਾ ਨੇ ਸ਼ਮੂਲੀਅਤ ਕੀਤੀ |
ਅਮਰਗੜ੍ਹ ਦੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਮੁੱਖ ਮੰਤਰੀ ਦਾ ਸਵਾਗਤ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਨਾਲ ਇਲਾਕੇ ਦਾ ਵਿਕਾਸ ਨਿਰੰਤਰ ਜਾਰੀ ਰਹੇਗਾ ਤੇ ਲੋਕਾਂ ਦੀਆਂ ਮੁੱਖ ਸਮੱਸਿਆਵਾਂ ਨੂੰ ਪ੍ਰਾਥਮਿਕਤਾ ਅਧੀਨ ਹੱਲ ਕੀਤਾ ਜਾਵੇਗਾ | ਉਨ੍ਹਾਂ ਅਮਰਗੜ੍ਹ ਅਤੇ ਅਹਿਮਦਗੜ੍ਹ ਦੇ ਕਮਿਊਨਿਟੀ ਹੈਲਥ ਸੈਂਟਰ ਨੂੰ ਸਬ-ਡਵੀਜ਼ਨਲ ਪੱਧਰ ਦੇ ਹਸਪਤਾਲ ਵਜੋਂ ਅਪਗ੍ਰੇਡ ਕਰਨ ਅਤੇ ਸੜਕਾਂ ਦੀ ਸਥਿਤੀ ਸੁਧਾਰਨ ਦੀ ਮੰਗ ਰੱਖੀ |ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਬ-ਡਵੀਜ਼ਨਲ ਕੰਪਲੈਕਸ ਦੇ ਬਣਨ ਨਾਲ ਇਲਾਕੇ ਦੇ ਲੋਕਾਂ ਨੂੰ ਇੱਕੋ ਛੱਤ ਹੇਠ ਸਰਕਾਰੀ ਸੁਵਿਧਾਵਾਂ ਮਿਲਣਗੀਆਂ, ਜਿਸ ਨਾਲ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਪਵੇਗੀ | ਉਨ੍ਹਾਂ ਨੇ ਦੱਸਿਆ ਕਿ ਪੰਜਾਬ ਵਿਚ ਜ਼ਿਆਦਾਤਰ ਸਰਕਾਰੀ ਕੰਮਕਾਜ ਆਨਲਾਈਨ ਕੀਤੇ ਜਾ ਰਹੇ ਹਨ, ਜਿਸ ਨਾਲ ਰਿਸ਼ਵਤਖੋਰੀ 'ਤੇ ਰੋਕ ਲੱਗੇਗੀ | ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ 'ਤੇ ਬੋਲਦਿਆਂ ਮੁੱਖ ਮੰਤਰੀ ਨੇ ਲੋਕਾਂ ਨੂੰ ਸਹਿਯੋਗ ਦੀ ਅਪੀਲ ਕੀਤੀ ਅਤੇ ਕਿਹਾ ਕਿ ਨਸ਼ਿਆਂ ਦੇ ਕਾਰੋਬਾਰ ਵਿਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਰੈਲੀ ਵਿਚ ਵਿਧਾਇਕ ਦੇ ਨਿੱਜੀ ਸਕੱਤਰ ਰਾਜੀਵ ਕੁਮਾਰ ਤੋਗਾਹੇੜੀ, ਸਰਪੰਚ ਨਰੇਸ਼ ਕੁਮਾਰ ਨਾਰੀਕੇ, ਜਗਦੀਸ਼ ਸਿੰਘ ਘੁੰਮਣ ਜ਼ਿਲ੍ਹਾ ਪ੍ਰਧਾਨ ਸਰਬੱਤ ਦਾ ਭਲਾ ਟਰੱਸਟ, ਮਨਪ੍ਰੀਤ ਸਿੰਘ ਮਨੀ ਸਰਪੰਚ ਨੰਗਲ, ਜ਼ਿਲ੍ਹਾ ਯੂਥ ਪ੍ਰਧਾਨ ਮਲੇਰਕੋਟਲਾ ਸਰਪੰਚ ਜਗਵੀਰ ਸਿੰਘ ਰੋਸੀ ਤੋਲੇਵਾਲ, ਜ਼ਿਲ੍ਹਾ ਮੀਡੀਆ ਇੰਚਾਰਜ ਹਰਪ੍ਰੀਤ ਸਿੰਘ ਰੂਪਰਾਏ, ਸੁਖਵਿੰਦਰ ਸਿੰਘ ਸੁੱਖਾ ਸਾਹੀ ਸਰਪੰਚ ਝੱਲ, ਜਗਦੀਸ਼ ਸਿੰਘ ਸੰਧੂ ਪ੍ਰਧਾਨ ਸਹਿਕਾਰੀ ਸਭਾ ਅਮਰਗੜ੍ਹ, ਸਰਪੰਚ ਬੀਰਇੰਦਰ ਸਿੰਘ ਮੰਨਵੀ, ਨੰਬਰਦਾਰ ਜਗਦੀਪ ਸਿੰਘ ਸਲਾਰ, ਹਰਦੀਪ ਸਿੰਘ ਸਲਾਰ, ਗੁਰਦੀਪ ਸਿੰਘ ਸਲਾਰੀਆਂ, ਸੁਖਵਿੰਦਰ ਸਿੰਘ ਸੁੱਖਾ, ਜਸਮਿੰਦਰ ਸਿੰਘ ਜੱਸੀ, ਗੁਰਵੀਰ ਸਿੰਘ ਸੋਹੀ, ਕੌਂਸਲਰ ਗੁਰਦਾਸ ਸਿੰਘ, ਸਰਧਾ ਰਾਮ ਅਤੇ ਰਜਿੰਦਰ ਸਿੰਘ ਹੈਪੀ, ਨੰਬਰਦਾਰ ਯੂਨੀਅਨ ਅਮਰਗੜ੍ਹ ਦੇ ਪ੍ਰਧਾਨ ਮਲਕੀਤ ਸਿੰਘ ਸਲੇਮਪੁਰ, ਨੰਬਰਦਾਰ ਪਰਮਜੀਤ ਸਿੰਘ, ਨੰਬਰਦਾਰ ਭਰਪੂਰ ਸਿੰਘ, ਕਰਮਜੀਤ ਸਿੰਘ ਖੇੜੀ ਜੱਟਾਂ, ਨੰਬਰਦਾਰ ਅਮਰਿੰਦਰ ਸਿੰਘ ਚੌਂਦਾ ਸਮੇਤ ਕਈ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਹਾਜ਼ਰ ਸਨ | ਰੈਲੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਉਡੀਕ 'ਚ ਪਿੰਡ ਤੋਲੇਵਾਲ ਪਹੁੰਚੀਆਂ ਵੱਖ-ਵੱਖ 18 ਜਥੇਬੰਦੀਆਂ ਨੂੰ ਉਸ ਵੇਲੇ ਨਿਰਾਸ਼ਾ ਹੋਈ, ਜਦੋਂ ਮੁੱਖ ਮੰਤਰੀ ਬਿਨਾਂ ਕੋਈ ਗੱਲਬਾਤ ਕੀਤੇ ਉੱਥੋਂ ਅਣਦੇਖਿਆ ਕਰ ਕੇ ਚਲੇ ਗਏ | ਇਸ ਤੋਂ ਬਾਅਦ ਜਦੋਂ ਕੈਬਿਨਟ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਮੰਗ ਪੱਤਰ ਲੈਣ ਦੀ ਕੋਸ਼ਿਸ਼ ਕੀਤੀ, ਤਾਂ ਜਥੇਬੰਦੀਆਂ ਦੇ ਆਗੂਆਂ ਨੇ ਮੈਮੋਰੰਡਮ ਦੇਣ ਤੋਂ ਇਨਕਾਰ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ |
ਅਮਰਗੜ੍ਹ 'ਚ ਸਬ ਡਵੀਜ਼ਨ ਕੰਪਲੈਕਸ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਉਦਘਾਟਨ
ਸਬ ਡਵੀਜ਼ਨਲ ਕੰਪਲੈਕਸ ਦੇ ਉਦਘਾਟਨ ਉਪਰੰਤ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਸਟੇਜ ਤੇ ਬਿਰਾਜਮਾਨ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ, ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ, ਵਿਧਾਇਕ ਡਾ. ਜ਼ਮੀਲ-ਉਲ-ਰਹਿਮਾਨ ਤੇ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਜਸਬੀਰ ਸਿੰਘ ਜੱਸੀ ਸੇਖੋ ਸਮੇਤ ਹੋਰ ਆਗੂ ਅਤੇ (ਹੇਠਾਂ) ਰੈਲੀ ਦੌਰਾਨ ਆਗੂਆਂ ਅਤੇ ਵਰਕਰਾਂ ਦਾ ਠਾਠਾਂ ਮਾਰਦਾ ਇਕੱਠ | ਤਸਵੀਰਾਂ : ਜਤਿੰਦਰ ਮੰਨਵੀ<br/>
19-07-2025