ਭਵਾਨੀਗੜ੍ਹ, 17 ਜੁਲਾਈ (ਰਣਧੀਰ ਸਿੰਘ ਫੱਗੂਵਾਲਾ)-ਪਿੰਡ ਲਖੇਵਾਲ ਦੇ ਗੁਰਦੁਆਰਾ ਸਾਹਿਬ ਵਿਖੇ ਅੱਗ ਲੱਗਣ ਕਾਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਭਵਾਨੀਗੜ੍ਹ ਗੁਰਦੁਆਰਾ ਪਾਤਸ਼ਾਹੀ ਨੌਵੀਂ ਦੇ ਮੈਨੇਜਰ ਜਗਜੀਤ ਸਿੰਘ ਜੱਗੀ ਸੰਗਤਪੁਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਦਾ ਪਤਾ ਲੱਗਣ 'ਤੇ ਉਹ ਤੁਰੰਤ ਪਿੰਡ ਲਖ਼ੇਵਾਲ ਦੇ ਗੁਰੂ ਘਰ ਵਿਖੇ ਪਹੁੰਚੇ, ਜਿੱਥੇ ਜਾ ਕੇ ਦੇਖਿਆ ਕਿ ਚਾਨਣੀ ਦੇ ਉੱਪਰ ਦੀ ਲੰਘਦੀ ਤਾਰ ਤੋਂ ਸ਼ਾਟ ਸਰਕਟ ਹੋਣ ਕਾਰਨ ਚਾਨਣੀ ਨੂੰ ਅੱਗ ਲੱਗ ਗਈ, ਜਿੱਥੋਂ ਗੁਰੂ ਘਰ ਦੇ ਦਰਬਾਰ ਸਾਹਿਬ ਵਿਚ ਸ਼ਸ਼ੋੋਬਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਪਾਲਕੀ ਸਾਹਿਬ ਨੂੰ ਅੱਗ ਲੱਗ ਜਾਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ ਹੋ ਗਏ | ਇਸ ਘਟਨਾ ਦਾ ਪਤਾ ਲੱਗਦਿਆਂ ਹੀ ਤਖ਼ਤ ਸ਼ੀ੍ਰ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਜਥੇਦਾਰ ਟੇਕ ਸਿੰਘ ਧਨੌਲਾ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਗੁਰਦੁਆਰਾ ਦੇ ਦਰਬਾਰ ਸਾਹਿਬ ਦਾ ਜਾਇਜ਼ਾ ਲੈਂਦਿਆਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕਾਂ ਨੂੰ ਇਸ ਘਟਨਾ ਦੇ ਜ਼ਿੰਮੇਵਾਰ ਗਰਦਾਨਦਿਆਂ 21 ਜੁਲਾਈ ਨੂੰ ਤਖ਼ਤ ਸ਼ੀ੍ਰ ਦਮਦਮਾ ਸਾਹਿਬ ਵਿਖੇ ਤਲਬ ਕੀਤਾ | ਜਥੇਦਾਰ ਧਨੌਲਾ ਨੇ ਕਿਹਾ ਕਿ ਗੁਰੂ ਘਰ ਦੇ ਪ੍ਰਬੰਧਕਾਂ ਵਲੋਂ ਵੱਡੀ ਅਣਗਹਿਲੀ ਕਰਨ ਕਰ ਕੇ ਇਹ ਘਟਨਾ ਵਾਪਰੀ ਹੈ, ਜਿਸ ਦੀ ਸਜਾ 5 ਪਿਆਰਿਆਂ ਨਾਲ ਮੀਟਿੰਗ ਕਰ ਕੇ ਇਨ੍ਹਾਂ ਨੂੰ ਦਿੱਤੀ ਜਾਵੇਗੀ | ਇਸ ਘਟਨਾ ਦਾ ਪਤਾ ਲੱਗਦਿਆਂ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਤੋਂ ਇਲਾਵਾ ਹੋਰ ਅਧਿਕਾਰੀਆਂ ਨੇ ਗੁਰੂ ਘਰ ਵਿਚ ਲੱਗੇ ਕੈਮਰਿਆਂ ਨੂੰ ਜਾਂਚ ਕਰਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ | ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭੁਪਿੰਦਰ ਸਿੰਘ ਭਲਵਾਨ, ਭਵਾਨੀਗੜ੍ਹ ਗੁਰੂ ਘਰ ਦੇ ਮੈਨੇਜਰ ਸਮੇਤ ਪ੍ਰਬੰਧਕ, ਸ਼ੋ੍ਰਮਣੀ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਤਲਵੰਡੀ ਸਾਬੋ ਦੇ ਇੰਚਾਰਜ ਭੋਲਾ ਸਿੰਘ, ਗੁਰਸੇਵ ਸਿੰਘ ਪ੍ਰਚਾਰਕ ਸ਼ੋ੍ਰਮਣੀ ਕਮੇਟੀ, ਗੁਰਵਿੰਦਰ ਸਿੰਘ ਭੜ੍ਹੋ, ਜਥੇਦਾਰ ਇੰਦਰਜੀਤ ਸਿੰਘ ਤੂਰ, ਮਾਸਟਰ ਜੋਗਿੰਦਰ ਸਿੰਘ, ਗੋਲਡੀ ਤੂਰ, ਮਨਦੀਪ ਸਿੰਘ ਲਖੇਵਾਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੇ ਸਿੱਖ ਆਗੂ ਤੇ ਪਤਵੰਤੇ ਗੁਰੂ ਘਰ ਵਿਚ ਪਹੁੰਚੇ ਹੋਏ ਸਨ |