ਸੰਗਰੂਰ, 17 ਜੁਲਾਈ (ਧੀਰਜ ਪਸ਼ੋਰੀਆ)-ਵਧੀਕ ਸੈਸ਼ਨ ਜੱਜ ਦੀ ਅਦਾਲਤ ਨੇ ਕੇਸਾਂ ਦੀ ਬੇਅਦਬੀ ਮਾਮਲੇ ਵਿਚ ਬਚਾਅ ਪੱਖ ਦੇ ਵਕੀਲ ਸੁਰਜੀਤ ਸਿੰਘ ਗਰੇਵਾਲ ਵਲੋਂ ਕੀਤੀ ਪੈਰਵੀ ਤੋਂ ਬਾਅਦ ਤਿੰਨ ਹੋਰ ਵਿਅਕਤੀਆਂ ਨੂੰ ਜ਼ਮਾਨਤ ਦੇ ਦਿੱਤੀ ਹੈ ਜਦ ਕਿ ਇਸ ਮਾਮਲੇ ਵਿਚ ਪਹਿਲਾਂ ਹੀ ਪਿੰਡ ਦੇ ਸਰਪੰਚ ਸਮੇਤ ਦੋ ਨੂੰ ਜ਼ਮਾਨਤ ਮਿਲ ਚੁੱਕੀ ਹੈ | ਪੁਲਿਸ ਥਾਣਾ ਭਵਾਨੀਗੜ੍ਹ ਵਿਖੇ 20 ਮਈ 2025 ਨੂੰ ਦਰਜ ਮਾਮਲੇ ਮੁਤਾਬਿਕ ਲਵਪ੍ਰੀਤ ਸਿੰਘ ਵਾਸੀ ਪਿੰਡ ਮਲਕੇ ਜ਼ਿਲ੍ਹਾ ਪਟਿਆਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 18 ਮਈ ਨੂੰ ਜਦ ਉਹ ਕੰਮ 'ਤੇ ਪਿੰਡ ਕਾਲਾਝਾੜ ਜਾ ਰਿਹਾ ਸੀ ਤਾਂ ਉਸ ਨੂੰ ਘੇਰ ਕੇ ਉਸ ਦੀ ਕੁੱਟਮਾਰ ਕੀਤੀ ਗਈ | ਉਸ ਦੀਆਂ ਬਾਂਹਾਂ ਬੰਨ੍ਹ ਦਿੱਤੀਆਂ ਗਈਆਂ ਉਸ ਨੂੰ ਫਿਰ ਪਿੰਡ ਮਲਕੇ ਲਿਜਾਇਆ ਗਿਆ ਜਿੱਥੇ ਫਿਰ ਉਸ ਦੀ ਕੁੱਟਮਾਰ ਕੀਤੀ ਗਈ ਤੇ ਪੋਲ ਨਾਲ ਬੰਨ੍ਹ ਦਿੱਤਾ ਗਿਆ | ਉਸ ਦੇ ਕੇਸ ਕੱਟ ਦਿੱਤੇ ਗਏ ਅਤੇ ਮੂੰਹ ਕਾਲਾ ਕਰ ਕੇ ਪਿੰਡ ਵਿਚ ਗੇੜਾ ਲਗਾਇਆ | ਇਸ ਮਾਮਲੇ ਵਿਚ ਪੁਲਿਸ ਨੇ ਛੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ | ਹੁਣ ਅਦਾਲਤ ਨੇ ਜ਼ਮਾਨਤ ਲਈ ਦਿੱਤੀ ਅਰਜ਼ੀ ਤੇ ਸੁਣਵਾਈ ਕਰਨ ਉਪਰੰਤ ਸੁਰਜੀਤ ਸਿੰਘ, ਤਾਰਾ ਸਿੰਘ, ਨਿਰਮਲ ਸਿੰਘ ਵਾਸੀਅਨ ਪਿੰਡ ਮਲਕੇ ਨੂੰ ਜ਼ਮਾਨਤ ਦੇ ਦਿੱਤੀ ਹੈ ਜਦ ਕਿ ਇਸ ਮਾਮਲੇ ਦੋ ਵਿਅਕਤੀਆਂ ਨੂੰ ਪਹਿਲਾਂ ਹੀ ਜ਼ਮਾਨਤ ਮਿਲੀ ਹੋਈ ਹੈ |