ਲੌਂਗੋਵਾਲ, 15 ਜੁਲਾਈ (ਵਿਨੋਦ ਸ਼ਰਮਾ)-ਲੰਘੇ ਦਿਨ ਹੋਈ ਭਰਵੀਂ ਬਰਸਾਤ ਨੇ ਸਰਕਾਰੀ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ | ਪਿਛਲੇ 4 ਦਹਾਕਿਆਂ ਤੋਂ ਬੱਸ ਸਟੈਂਡ ਰੋਡ 'ਤੇ ਭਰਦੇ ਪਾਣੀ ਦਾ ਮਸਲਾ ਅੱਜ ਵੀ ਜਿਓਾ ਦਾ ਤਿਉਂ ਬਣਿਆ ਹੋਇਆ ਹੈ | ਬਰਸਾਤ ਦੌਰਾਨ ਇਸ ਰੋਡ ਤੇ ਭਰਦਾ ਪਾਣੀ ਸਥਾਨਕ ਨਿਵਾਸੀਆਂ ਦੇ ਸਾਹ ਸੂਤ ਕੇ ਰੱਖ ਦਿੰਦਾ ਹੈ | ਭਾਰੀ ਬਰਸਾਤ ਦੁਕਾਨਦਾਰਾਂ ਦੇ ਵੱਡੇ ਨੁਕਸਾਨ ਦਾ ਕਾਰਨ ਬਣਦੀ ਹੈ | ਇਸ ਵਾਰ ਦੀ ਬਰਸਾਤ 'ਚ ਲੋਕਾਂ ਦੇ ਫਰਿੱਜ ਤੱਕ ਕਾਗ਼ਜ਼ ਦੀਆਂ ਕਿਸ਼ਤੀਆਂ ਵਾਂਗ ਤੈਰਦੇ ਵਿਖਾਈ ਦਿੱਤੇ | ਬਰਸਾਤ ਦਾ ਪਾਣੀ ਦੁਕਾਨਾਂ ਤੇ ਘਰਾਂ ਵਿਚ ਵੜ ਕੇ ਲੱਖਾਂ ਰੁਪਏ ਦਾ ਨੁਕਸਾਨ ਕਰ ਦਿੰਦਾ ਹੈ | ਬੱਸ ਸਟੈਂਡ ਰੋਡ ਕਿਸੇ ਨਹਿਰ ਦ ਭੁਲੇਖਾ ਪਾਉਂਦਾ ਹੈ | ਭਾਵੇਂ ਸ਼ਹਿਰ ਦੇ ਵਿਕਾਸ ਲਈ ਮੰਤਰੀ ਅਮਨ ਅਰੋੜਾ ਵਲੋਂ ਵੱਡੇ ਪੱਧਰ ਤੇ ਗਰਾਂਟਾਂ ਭੇਜੀਆਂ ਜਾ ਰਹੀਆਂ ਹਨ ਤੇ ਲੌਂਗੋਵਾਲ ਨਗਰ ਕੌਂਸਲ ਦੀ ਪ੍ਰਧਾਨਗੀ ਤੇ ਕਾਬਜ਼ ਬਾਜਵਾ ਜੋੜੀ ਵੀ ਦਿਨ ਰਾਤ ਵਿਕਾਸ ਕਾਰਜ਼ ਕਰਵਾਉਣ ਲਈ ਯਤਨਸ਼ੀਲ ਰਹਿੰਦੇ ਹਨ | ਅੱਜ ਦੇ ਮੀਂਹ ਕਾਰਨ ਬੱਸ ਸਟੈਂਡ ਤੋਂ ਡਰੇਨ ਤੱਕ ਬਣਾਏ ਜਾ ਰਹੇ ਨਿਕਾਸੀ ਨਾਲੇ ਦਾ ਅੱਜ ਬਾਰਿਸ਼ ਕਾਰਨ ਕਰੀਬ 50 ਫੁੱਟ ਹਿੱਸਾ ਤਹਿਸ ਨਹਿਸ ਹੋ ਗਿਆ ਤੇ ਹੋਰਨਾਂ ਕਈ ਥਾਵਾਂ ਤੇ ਤਰੇੜਾਂ ਵੀ ਆ ਗਈਆਂ | ਬੱਸ ਸਟੈਂਡ ਦੇ ਨੇੜਲੇ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਇਸ ਨਾਲੇ ਦੀ ਉਸਾਰੀ ਵਿਚ ਮਾੜਾ ਮੈਟੀਰੀਅਲ ਵਰਤੇ ਜਾਣ ਦੇ ਦੋਸ਼ ਲਗਾਉਂਦਿਆਂ ਜਾਂਚ ਦੀ ਮੰਗ ਕੀਤੀ ਹੈ | ਇਸ ਮੌਕੇ ਡਾਕਟਰ ਦੇਵਿੰਦਰ ਸ਼ਰਮਾ, ਚੰਨੀ ਬਾਂਸਲ, ਸਾਹਿਲ ਸਿੰਗਲਾ ਅਤੇ ਉਗਰ ਸੈਣ ਨੇ ਕਿਹਾ ਇਸ ਨਿਕਾਸੀ ਨਾਲੇ ਦੀ ਉਸਾਰੀ ਦਾ ਨਿਰੀਖਣ ਕਰਨ ਲਈ ਅੱਜ ਤੱਕ ਕੋਈ ਅਧਿਕਾਰੀ ਨਜ਼ਰ ਨਹੀਂ ਆਇਆ | ਜਿਸ ਕਾਰਨ ਠੇਕੇਦਾਰ ਵਲੋ ਇਸ ਨਾਲੇ ਦੀ ਉਸਾਰੀ ਨਿਯਮਾਂ ਅਨੁਸਾਰ ਨਹੀਂ ਕੀਤੀ ਜਾ ਰਹੀ | ਉਨ੍ਹਾਂ ਕਿਹਾ ਨਿਕਾਸੀ ਨਾਲਾ ਬਣਾਉਣ ਸਮੇਂ ਸੜਕ ਵਾਲੇ ਪਾਸੇ ਲੋੜੀਂਦੀ ਮਿੱਟੀ ਨਹੀਂ ਪਾਈ ਜਾ ਰਹੀ ਤੇ ਦੂਜੇ ਪਾਸੇ ਬਣਿਆ ਨਿਕਾਸੀ ਨਾਲਾ ਬੰਦ ਹੋਣ ਕਾਰਨ ਬੱਸ ਸਟੈਂਡ ਦਾ ਪਾਣੀ ਵੀ ਇੱਥੇ ਹੀ ਆ ਕੇ ਡਿਗਦਾ ਹੈ | ਉਨ੍ਹਾਂ ਕਿਹਾ ਇਸ ਥਾਂ ਤੇ ਪਹਿਲਾਂ ਬਣਾਇਆ ਨਿਕਾਸੀ ਨਾਲਾ ਇਸ ਨਾਲੋਂ ਕਈ ਗੁਣਾ ਮਜ਼ਬੂਤ ਸੀ | ਦੁਕਾਨਦਾਰਾਂ ਨੇ ਕਿਹਾ ਜੇਕਰ ਇਸੇ ਤਰਾਂ ਅਣਗਹਿਲੀ ਜਾਰੀ ਰਹੀ ਤਾਂ ਇਸ ਸੜਕ ਤੇ ਪੈਂਦੀਆਂ ਦੁਕਾਨਾਂ ਅਤੇ ਹੋਰ ਬਿਲਡਿੰਗਾਂ ਨੂੰ ਵੀ ਨੁਕਸਾਨ ਪੁੱਜ ਸਕਦਾ ਹੈ | ਇਸ ਲਈ ਸਬੰਧਿਤ ਵਿਭਾਗ ਨੂੰ ਇਸ ਨਾਲੇ ਦੀ ਉਸਾਰੀ ਵਿਚ ਵਰਤੇ ਜਾਂਦੇ ਮੈਟੀਰੀਅਲ ਦੀ ਜਾਂਚ ਕਰਨੀ ਚਾਹੀਦੀ ਹੈ | ਵਰਨਣਯੋਗ ਹੈ ਕਿ ਇਹ ਨਿਕਾਸੀ ਨਾਲੇ ਲੋਕਾਂ ਦੀ ਮੰਗ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਬਾਜ਼ਾਰ ਅਤੇ ਬੱਸ ਸਟੈਂਡ ਦੇ ਪਾਣੀ ਦੇ ਨਿਕਾਸ ਲਈ ਬਣਾਏ ਗਏ ਹਨ | ਪ੍ਰੰਤੂ ਬਰਸਾਤ ਦੇ ਮੌਸਮ ਦੇ ਬਾਵਜੂਦ ਅਜੇ ਤੱਕ ਚਾਲੂ ਨਹੀਂ ਹੋ ਸਕੇ |
ਕੀ ਕਹਿੰਦੇ ਹਨ ਨਗਰ ਕੌਂਸਲ ਪ੍ਰਧਾਨ?
ਇਸ ਸਬੰਧ ਵਿਚ ਜਦ ਨਗਰ ਕੌਂਸਲ ਪ੍ਰਧਾਨ ਪਰਮਿੰਦਰ ਕੌਰ ਬਰਾੜ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਿਕਾਸੀ ਨਾਲੇ ਦਾ ਕੰਮ ਪੂਰੀ ਤਰ੍ਹਾਂ ਨਿਯਮਾਂ ਅਨੁਸਾਰ ਹੋ ਰਿਹਾ ਹੈ | ਉਨ੍ਹਾਂ ਕਿਹਾ ਸਾਈਡਾਂ ਤੋ ਮਿੱਟੀ ਖੁਰਨ ਕਾਰਨ ਨਾਲੇ ਦੀ ਕੰਧ ਡਿੱਗੀ ਹੈ | ਬਰਾੜ ਨੇ ਕਿਹਾ ਕਿ ਫਿਰ ਵੀ ਜੇਕਰ ਕੋਈ ਕਮੀ ਪਾਈ ਗਈ ਤਾਂ ਉਸ ਨੂੰ ਨਾ ਸਿਰਫ਼ ਦੂਰ ਕੀਤਾ ਜਾਵੇਗਾ ਸਗੋਂ ਅਣਗਹਿਲੀ ਵਰਤਣ ਲਈ ਜੋ ਵੀ ਜ਼ਿੰਮੇਵਾਰ ਹੋਇਆ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ |
ਮੌਨਸੂਨ ਦੀ ਪਹਿਲੀ ਬਾਰਿਸ਼ ਨੇ ਹੀ ਨਵਾਂ ਬਣਿਆ ਨਿਕਾਸੀ ਨਾਲਾ ਕੀਤਾ ਢਹਿ-ਢੇਰੀ <br/>
ਅਜੀਤ ਡੈਸਕ
16-07-2025