07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਨਵੀਂ ਵਾਰਡਬੰਦੀ ਨੂੰ ਲੈ ਕੇ ਕਾਂਗਰਸ ਪਾਰਟੀ ਵਿਚ ਰੋਸ

ਅਜੀਤ ਡੈਸਕ 28-12-2025
• ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਖਾਈ ਦੀ ਅਗਵਾਈ ਹੇਠ ਹੋਈ ਮੀਟਿੰਗ
• ਕਿਹਾ ਵਾਰਡਬੰਦੀ ਲੋਕ ਵਿਰੋਧੀ, ਕਾਂਗਰਸ ਪਾਰਟੀ ਇਸ ਦੀ ਨਿੰਦਾ ਕਰਦੀ ਹੈ
ਮੋਗਾ, 27 ਦਸੰਬਰ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਮੋਗਾ ਸ਼ਹਿਰ ਵਿਚ ਪ੍ਰਸਤਾਵਿਤ ਵਾਰਡਬੰਦੀ ਨੂੰ ਲੈ ਕੇ ਕਾਂਗਰਸੀਆਂ ਵਲੋਂ ਰੋਸ ਜਤਾਇਆ ਗਿਆ | ਇਹ ਮੀਟਿੰਗ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਖਾਈ ਦੀ ਪ੍ਰਧਾਨਗੀ ਹੇਠ ਹਲਕਾ ਇੰਚਾਰਜ ਮਾਲਵਿਕਾ ਸੂਦ ਦੇ ਦਫ਼ਤਰ ਵਿਖੇ ਹੋਈ, ਜਿਸ ਵਿਚ ਸ਼ਹਿਰ ਦੇ ਵੱਖ-ਵੱਖ ਵਾਰਡਾਂ ਤੋਂ ਕਾਂਗਰਸ ਪਾਰਟੀ ਦੇ ਕੌਂਸਲਰਾਂ ਅਤੇ ਸੀਨੀਅਰ ਆਗੂਆਂ ਨੇ ਹਿੱਸਾ ਲਿਆ | ਮੀਟਿੰਗ ਦੌਰਾਨ ਆਗੂਆਂ ਨੇ ਦੋਸ਼ ਲਗਾਇਆ ਕਿ ਮੌਜੂਦਾ ਵਾਰਡਬੰਦੀ ਲੋਕ ਹਿਤ ਵਿਚ ਨਹੀਂ, ਸਗੋਂ ਕੁਝ ਖ਼ਾਸ ਚਹੇਤਿਆਂ ਨੂੰ ਫ਼ਾਇਦਾ ਪਹੁੰਚਾਉਣ ਦੀ ਨੀਅਤ ਨਾਲ ਕੀਤੀ ਗਈ ਹੈ | ਹਰੀ ਸਿੰਘ ਖਾਈ ਨੇ ਕਿਹਾ ਕਿ ਮੋਗਾ ਸ਼ਹਿਰ ਦੀ ਜਨਸੰਖਿਆ ਜਾਂ ਹਦੂਦ ਵਿਚ ਕੋਈ ਵਾਧਾ ਨਹੀਂ ਹੋਇਆ, ਇਸ ਦੇ ਬਾਵਜੂਦ ਵਾਰਡਬੰਦੀ ਕਰਨਾ ਲੋਕਾਂ ਨੂੰ ਬਿਨਾਂ ਵਜ੍ਹਾ ਪਰੇਸ਼ਾਨ ਕਰਨ ਦੇ ਬਰਾਬਰ ਹੈ | ਉਨ੍ਹਾਂ ਉਦਾਹਰਨ ਦਿੰਦੇ ਹੋਏ ਕਿਹਾ ਕਿ ਜੇ ਕੋਈ ਨਾਗਰਿਕ 40 ਨੰਬਰ ਵਾਰਡ ਦਾ ਵਸਨੀਕ ਹੈ ਅਤੇ ਉਸ ਦਾ ਆਧਾਰ ਕਾਰਡ ਤੇ ਹੋਰ ਦਸਤਾਵੇਜ਼ ਉਸੇ ਵਾਰਡ ਦੇ ਹਨ, ਤਾਂ ਉਸ ਨੂੰ ਅਚਾਨਕ 48 ਨੰਬਰ ਵਾਰਡ ਵਿਚ ਸ਼ਾਮਿਲ ਕਰ ਦੇਣਾ ਕਿੰਨਾ ਗ਼ਲਤ ਅਤੇ ਉਲਝਣ ਭਰਿਆ ਕਦਮ ਹੈ | ਉਨ੍ਹਾਂ ਸਵਾਲ ਉਠਾਇਆ ਕਿ ਕੀ ਹਰ ਪੰਜ ਸਾਲ ਬਾਅਦ ਲੋਕਾਂ ਨੂੰ ਇੰਜ ਹੀ ਹਰਾਸ ਕੀਤਾ ਜਾਵੇਗਾ? ਮੀਟਿੰਗ ਵਿਚ ਇਹ ਵੀ ਕਿਹਾ ਗਿਆ ਕਿ ਕੁਝ ਇਲਾਕਿਆਂ ਨੂੰ ਜਾਣਬੁੱਝ ਕੇ ਇੱਧਰ-ਉੱਧਰ ਜੋੜ ਕੇ ਸ਼ਹਿਰ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ ਗਿਆ ਹੈ, ਜੋ ਪ੍ਰਸ਼ਾਸਨਿਕ ਅਤੇ ਵਿਕਾਸਕ ਦਿ੍ਸ਼ਟੀਕੋਣ ਤੋਂ ਨੁਕਸਾਨਦਾਇਕ ਹੈ | ਇਸ ਮੌਕੇ ਜਸਪ੍ਰੀਤ ਸਿੰਘ ਐਮ.ਸੀ. ਨੇ ਵੱਡੇ ਮਾਧਿਅਮ ਰਾਹੀਂ ਮੋਗਾ ਦੇ ਸਵਾ ਲੱਖ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼ਹਿਰ ਵਿਚ ਵਾਰਡਬੰਦੀ ਦੀ ਅਸਲ ਵਿਚ ਕੋਈ ਲੋੜ ਨਹੀਂ ਸੀ | ਉਨ੍ਹਾਂ ਕਿਹਾ ਕਿ ਸ਼ਹਿਰ ਦੀ ਵਿਕਾਸੀ ਜ਼ਿੰਮੇਵਾਰੀ ਮਿਊਾਸੀਪਲ ਕਾਰਪੋਰੇਸ਼ਨ ਦੀ ਹੁੰਦੀ ਹੈ, ਜਿਸ ਨੂੰ 50 ਕੌਂਸਲਰ ਚਲਾਉਂਦੇ ਹਨ | ਜੇ ਕੌਂਸਲਰ ਹੀ ਗ਼ੈਰ-ਜ਼ਿੰਮੇਵਾਰ ਹੋਣ, ਤਾਂ ਸ਼ਹਿਰ ਦਾ ਵਿਕਾਸ ਕਿਵੇਂ ਸੰਭਵ ਹੋ ਸਕਦਾ ਹੈ | ਉਨ੍ਹਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਵੱਡੇ ਫਲੈਕਸ ਬੋਰਡਾਂ ਜਾਂ ਪਾਰਟੀ ਸਿੰਬਲਾਂ ਤੋਂ ਪ੍ਰਭਾਵਿਤ ਹੋਣ ਦੀ ਬਜਾਏ ਆਪਣੇ ਵਾਰਡ ਲਈ ਖੜ੍ਹੇ ਹੋਣ ਵਾਲੇ ਉਮੀਦਵਾਰ ਦੇ ਚਰਿੱਤਰ, ਸਟੈਂਡ ਅਤੇ ਪਿਛਲੇ ਕੰਮਾਂ ਨੂੰ ਦੇਖ ਕੇ ਵੋਟ ਪਾਈ ਜਾਵੇ | ਇਸ ਦੌਰਾਨ ਸੀਨੀਅਰ ਕਾਂਗਰਸੀ ਆਗੂ ਅਤੇ ਕੌਂਸਲਰ ਮਨਜੀਤ ਮਾਨ ਨੇ ਕਿਹਾ ਕਿ ਲੋਕਾਂ ਨੂੰ ਉਹੀ ਕੌਂਸਲਰ ਚੁਣਨਾ ਚਾਹੀਦਾ ਹੈ ਜੋ ਪੰਜ ਸਾਲ ਪੂਰੇ ਆਪਣੀ ਪਾਰਟੀ ਅਤੇ ਆਪਣੇ ਵਾਰਡ ਨਾਲ ਨਿਭਾਅ ਕਰੇ, ਨਾ ਕਿ ਜਿੱਤ ਕੇ ਪਾਰਟੀ ਬਦਲ ਲਵੇ | ਇਸ ਮੌਕੇ ਸਾਬਕਾ ਵਿਧਾਇਕ ਵਿਜੇ ਸਾਥੀ ਨੇ ਕਿਹਾ ਕਿ ਜਦੋਂ ਨਾ ਤਾਂ ਕਾਰਪੋਰੇਸ਼ਨ ਦੀ ਹੱਦ ਵਧੀ ਹੈ ਅਤੇ ਨਾ ਹੀ ਕਿਸੇ ਵਾਰਡ ਵਿਚ ਵੋਟਾਂ ਦੀ ਗਿਣਤੀ ਵਿਚ ਅਸਮਾਨਤਾ ਹੈ, ਤਾਂ ਵਾਰਡਬੰਦੀ ਕਰਨ ਦਾ ਕੋਈ ਜਾਇਜ਼ ਕਾਰਨ ਨਹੀਂ ਬਣਦਾ | ਉਨ੍ਹਾਂ ਦੋਸ਼ ਲਗਾਇਆ ਕਿ ਇਹ ਸਾਰੀ ਪ੍ਰਕਿਰਿਆ ਸਿਰਫ਼ ਆਪਣੀ ਬਹੁਮਤ ਬਣਾਈ ਰੱਖਣ ਲਈ ਕੀਤੀ ਗਈ ਹੈ | ਮੀਟਿੰਗ ਦੇ ਅੰਤ ਵਿਚ ਕਾਂਗਰਸ ਆਗੂਆਂ ਨੇ ਇਕ ਸੁਰ ਵਿਚ ਕਿਹਾ ਕਿ ਇਹ ਵਾਰਡਬੰਦੀ ਲੋਕ ਵਿਰੋਧੀ ਹੈ ਅਤੇ ਕਾਂਗਰਸ ਪਾਰਟੀ ਇਸ ਦੀ ਸਖ਼ਤ ਨਿੰਦਾ ਕਰਦੀ ਹੈ | ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ ਅਤੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਧਿਆਨ ਵਿਚ ਰੱਖਦੇ ਹੋਏ ਸਹੀ ਫ਼ੈਸਲਾ ਲਿਆ ਜਾਵੇ | ਇਸ ਮੌਕੇ ਸਾਬਕਾ ਵਿਧਾਇਕ ਵਿਜੇ ਸਾਥੀ, ਜਸਪ੍ਰੀਤ ਵਿੱਕੀ, ਅਮਰਜੀਤ ਅੰਬੀ ਕੌਂਸਲਰ, ਰਾਮ ਕੌਰ ਕੌਂਸਲਰ, ਲਖਬੀਰ ਸਿੰਘ ਲੱਖਾ ਕੌਂਸਲਰ, ਤਰਸੇਮ ਸਿੰਘ ਕੌਂਸਲਰ, ਵਿਜੇ ਖੁਰਾਣਾ, ਰੀਮਾ ਕੌਂਸਲਰ, ਰੀਮਾ ਸੂਦ ਤੋਂ ਇਲਾਵਾ ਵੱਡੀ ਗਿਣਤੀ ਵਿਚ ਕੌਂਸਲਰ ਹਾਜ਼ਰ ਸਨ |
ਪਿਛਲੀ ਖ਼ਬਰ ਡਾ. ਸੈਫੂਦੀਨ ਕਿਚਲੂ ਸਕੂਲ ਵਿਖੇ ਅੱਜ ਹੋਣ ਵਾਲੇ ਸਪਾਰਕਸ ਪ੍ਰੀ-ਬੋਰਡ ਸਿਮੂਲੇਸ਼ਨ ਟੈਸਟ-2025 ਨੂੰ ਲੈ ਕੇ ਉਤਸ਼ਾਹ ਅਗਲੀ ਖ਼ਬਰ ਮਨਰੇਗਾ ਸਕੀਮ ਬੰਦ ਕਰ ਕੇ ਕੇਂਦਰ ਸਰਕਾਰ ਨੇ ਮਾਰੇ ਗ਼ਰੀਬਾਂ ਦੇ ਹੱਕ-ਸਨੀ ਗਿੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।