ਮੋਗਾ, 20 ਨਵੰਬਰ (ਸੁਰਿੰਦਰਪਾਲ ਸਿੰਘ)-ਲੋਕ ਜਨ ਸ਼ਕਤੀ ਪਾਰਟੀ ਰਾਮ ਬਿਲਾਸ ਪੰਜਾਬ ਦੇ ਮੀਡੀਆ ਇੰਚਾਰਜ ਰਾਜੇਸ਼ ਕੁਮਾਰ ਗਹਿਰੀ ਵਾਲਾ ਉਪ ਪ੍ਰਧਾਨ ਆਲ ਇੰਡੀਆ ਗਰਾਮ ਸਭਾ ਵਿਕਾਸ ਕਮੇਟੀ ਪੰਜਾਬ ਨੇ ਮੋਗਾ ਸ਼ਹਿਰ ਅਤੇ ਜ਼ਿਲ੍ਹੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਸੁਣਦੇ ਹੋਏ ਐਲਾਨ ਕੀਤਾ ਕਿ ਲੋਜਪਾ ਦੇ ਸੁਪਰੀਮੋ ਅਤੇ ਭਾਰਤ ਸਰਕਾਰ ਦੇ ਕੈਬਨਿਟ ਮੰਤਰੀ ਚਿਰਾਗ ਪਾਸਵਾਨ ਅਤੇ ਪੰਜਾਬ ਪ੍ਰਧਾਨ ਅਮਰ ਸਿੰਘ ਮਹਿਮੀ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਪੰਜਾਬ ਅੰਦਰ ਵਿਧਾਨ ਸਭਾ ਦੀਆਂ 117 ਸੀਟਾਂ ਉੱਤੇ ਆਪਣੇ ਉਮੀਦਵਾਰ ਖੜ੍ਹੇ ਕਰਨ ਜਾ ਰਹੇ ਹਾਂ ਪਰ ਇਹ ਜ਼ਰੂਰੀ ਨਹੀਂ ਕਿ ਅਸੀਂ ਕੇਂਦਰ ਅਤੇ ਬਿਹਾਰ ਦੀ ਤਰਜ਼ 'ਤੇ ਪੰਜਾਬ ਅੰਦਰ ਵੀ ਭਾਜਪਾ ਨਾਲ ਗੱਠਜੋੜ ਕਰ ਕੇ ਆਗਾਮੀ ਵਿਧਾਨ ਸਭਾ ਚੋਣਾਂ ਲੜੀਏ | ਜਿਹੜੀ ਸਿਆਸੀ ਪਾਰਟੀ ਪੰਜਾਬ ਦੇ ਹਿਤਾਂ ਵਾਲੀ ਗੱਲ ਕਰੇਗੀ, ਉਸ ਪਾਰਟੀ ਨਾਲ ਲੋਕ ਜਨ ਸ਼ਕਤੀ ਪਾਰਟੀ ਰਾਮ ਬਿਲਾਸ ਆਪਸੀ ਗੱਠਜੋੜ ਕਰ ਕੇ ਆਗਾਮੀ ਵਿਧਾਨ ਸਭਾ ਦੀਆਂ ਚੋਣਾਂ ਲੜ ਸਕਦੀ ਹੈ | ਚੌਧਰੀ ਰਾਜੇਸ਼ ਕੁਮਾਰ ਗਹਿਰੀ ਵਾਲਾ ਨੇ ਕਿਹਾ ਕਿ ਪੰਜਾਬ ਅੰਦਰ ਹਰ ਛੋਟੇ ਵੱਡੇ ਵਪਾਰੀ ਵਰਗ, ਦਲਿਤ ਸਮਾਜ ਅਤੇ ਕਿਸਾਨ ਵਰਗ ਵਲੋਂ ਲੋਕ ਜਨ ਸ਼ਕਤੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਵਿਚ ਲੋਜਪਾ ਨਾਲ ਸੰਪਰਕ ਜੋੜਿਆ ਜਾ ਰਿਹਾ ਹੈ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਚੌਥਾ ਬਦਲ ਦਿੰਦੇ ਹੋਏ ਅਗਲੀ ਸਰਕਾਰ ਪੰਜਾਬ ਅੰਦਰ ਲੋਕ ਜਨ ਸ਼ਕਤੀ ਪਾਰਟੀ ਦੀ ਬਣਾਈ ਜਾ ਸਕੇ | ਲੋਜਪਾ ਪੰਜਾਬ ਦੇ ਮੀਡੀਆ ਇੰਚਾਰਜ ਚੌਧਰੀ ਰਾਜੇਸ਼ ਕੁਮਾਰ ਗਹਿਰੀ ਵਾਲਾ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਦੀ ਸਖ਼ਤ ਆਲੋਚਨਾ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੀ ਹਰੇਕ ਮਹਿਲਾ ਨੂੰ ਹਜ਼ਾਰ ਰੁਪਏ ਦੇਣ ਦਾ ਜੋ ਵਾਅਦਾ ਕੀਤਾ ਸੀ ਉਹ ਅੱਜ ਤੱਕ ਸਰਕਾਰ ਨੇ ਪੂਰਾ ਨਹੀਂ ਕੀਤਾ ਹੈ ਤੇ ਮਹਿਲਾਵਾਂ ਦੀਆਂ ਵੋਟਾਂ ਲੈ ਕੇ ਸਰਕਾਰ ਹੁਣ ਆਪਣੇ ਵਾਅਦਿਆਂ ਤੋਂ ਮੁੱਕਰਦੀ ਹੋਈ ਨਜ਼ਰ ਆ ਰਹੀ ਹੈ | ਇਸ ਮੌਕੇ ਪ੍ਰਵੀਨ ਜਿੰਦਲ, ਕੁਲਵੰਤ ਰਾਏ ਸ੍ਰੀ ਮੁਕਤਸਰ ਸਾਹਿਬ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਪਰਮਜੀਤ ਸਿੰਘ ਚੌਹਾਨ, ਸੰਜੀਵ ਕੁਮਾਰ ਸੰਜੇ, ਲਖਵਿੰਦਰ ਸਿੰਘ, ਰਾਜਾ ਸਿੰਘ, ਸੁਖਦੀਪ ਸਿੰਘ, ਸੁਖਪਾਲ ਸਿੰਘ, ਅਜੀਤ ਸਿੰਘ, ਕੁਲਵੰਤ ਸਿੰਘ, ਕੁਲਵਿੰਦਰ ਸਿੰਘ, ਜਸਵੀਰ ਸਿੰਘ, ਯਾਦਵਿੰਦਰ ਸਿੰਘ, ਰਾਜ ਕੁਮਾਰ ਰਾਜੂ, ਅਸ਼ੋਕ ਕੁਮਾਰ, ਵਿੱਕੀ, ਜੀਵਨ, ਸਤਪਾਲ ਬਾਂਸਲ, ਭਗਵਾਨ ਦਾਸ ਸਮੇਤ ਹੋਰ ਆਗੂ ਮੌਜੂਦ ਸਨ |