ਮੋਗਾ, 18 ਨਵੰਬਰ (ਸੁਰਿੰਦਰਪਾਲ ਸਿੰਘ)-ਪੰਜਾਬ ਰਾਜ ਵਿਚ ਪਸ਼ੂ ਭਲਾਈ ਬੋਰਡ ਦਾ ਗਠਨ ਹੋ ਚੁੱਕਿਆ ਹੈ ਤੇ ਰਾਜ ਵਿਚ ਡਾਗ ਬਰੀਡਿੰਗ ਐਂਡ ਮਾਰਕਟਿੰਗ ਰੂਲਜ਼-2017 ਤੇ ਪੈੱਟ ਸ਼ਾਪਸ ਰੂਲਜ਼ 2018 ਪੂਰੀ ਤਰ੍ਹਾਂ ਲਾਗੂ ਹਨ | ਇਨ੍ਹਾਂ ਨਿਯਮਾਂ ਤਹਿਤ ਕੁੱਤਿਆਂ ਦੀ ਬਰੀਡਿੰਗ ਅਤੇ ਵਪਾਰ ਕਰਨ ਵਾਲਿਆਂ ਅਤੇ ਪਾਲਤੂ ਜਾਨਵਰ, ਪੰਛੀ ਵੇਚਣ ਵਾਲੀਆਂ ਦੁਕਾਨਾਂ, ਅਦਾਰਿਆਂ ਅਤੇ ਆਨਲਾਈਨ ਵਪਾਰੀਆਂ ਨੂੰ ਇਨ੍ਹਾਂ ਰੂਲਾਂ ਅਧੀਨ ਰਜਿਸਟ੍ਰੇਸ਼ਨ ਕਰਵਾਉਣੀ ਅਤੇ ਨਿਯਮਾਂ ਅਨੁਸਾਰ ਕਾਰੋਬਾਰ ਕਰਨਾ ਲਾਜ਼ਮੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਨੇ ਅੱਜ ਪਸ਼ੂ ਭਲਾਈ ਬੋਰਡ ਪੰਜਾਬ ਨਾਲ ਰਜਿਸਟਰਡ ਪੈੱਟ ਸ਼ਾਪਸ ਅਤੇ ਡਾਗ ਬਰੀਡਿੰਗ ਕਾਰੋਬਾਰੀਆਂ ਨੂੰ ਰਜਿਸਟ੍ਰੇਸ਼ਨ ਸਰਟੀਫਿਕੇਟ ਵੰਡਣ ਮੌਕੇ ਕੀਤਾ | ਉਨ੍ਹਾਂ ਕਿਹਾ ਕਿ ਨਿਰਧਾਰਿਤ ਕਮੇਟੀ ਵਲੋਂ ਚੈਕਿੰਗ ਦੌਰਾਨ ਜੇਕਰ ਇਹ ਪਾਇਆ ਗਿਆ ਕਿ ਬਿਨਾਂ ਰਜਿਸਟ੍ਰੇਸ਼ਨ ਦੇ ਪੈੱਟ ਸ਼ਾਪਸ ਅਤੇ ਡਾਗ ਬਰੀਡਿੰਗ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ ਤਾਂ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਜਿਸ ਤਹਿਤ 5 ਤੋਂ 50 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਅਤੇ ਤਿੰਨ ਮਹੀਨੇ ਦੀ ਸਜ਼ਾ ਹੋ ਸਕਦੀ ਹੈ |