ਮੋਗਾ, 7 ਨਵੰਬਰ (ਸੁਰਿੰਦਰਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਪਿਛਲੇ ਇਕ ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਪੰਜਾਬ ਅੰਦਰ ਚੱਲ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਰੋਕਣ ਵਾਸਤੇ ਅਤੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਵਿਚੋਂ ਕੱਢ ਕੇ ਨਵੀਂ ਤੇ ਕਾਮਯਾਬੀ ਵਾਲੀ ਰਾਹ ਤੋਰਨ ਤੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਦੇ ਮਨੋਰਥ ਨਾਲ ਸ਼ੁਰੂ ਕੀਤੀ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਨਸ਼ਿਆਂ ਦੇ ਖ਼ਾਤਮੇ ਦੇ ਸਹਿਯੋਗ ਲਈ ਬਣਾਈਆਂ ਗਈਆਂ ਪਿੰਡ/ਵਾਰਡ ਡਿਫੈਂਸ ਕਮੇਟੀਆਂ ਦਾ ਗਠਨ ਪੂਰਾ ਹੋਣ ਤੋਂ ਬਾਅਦ ਇਨ੍ਹਾਂ ਕਮੇਟੀਆਂ ਨੇ ਕਿਵੇਂ ਕੰਮ ਕਰਨਾ ਹੈ ਤਾਂ ਕਿ ਅਸੀਂ ਨਸ਼ੇ ਵਰਗੀ ਨਾਮੁਰਾਦ ਬਿਮਾਰੀ ਨੂੰ ਪੰਜਾਬ ਵਿਚੋਂ ਖ਼ਤਮ ਕਰ ਸਕੀਏ, ਇਨ੍ਹਾਂ ਦੇ ਟਰੇਨਿੰਗ ਸੈਸ਼ਨ ਲਾਏ ਜਾ ਰਹੇ ਹਨ | ਇਸੇ ਤਹਿਤ ਅੱਜ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੀ ਅਗਵਾਈ ਹੇਠ ਅਤੇ ਚੇਅਰਮੈਨ ਪਲੈਨਿੰਗ ਬੋਰਡ ਅਤੇ ਜ਼ਿਲ੍ਹਾ ਪ੍ਰਧਾਨ ਬਰਿੰਦਰ ਕੁਮਾਰ ਮਧੇਕੇ ਦੀ ਰਹਿਨੁਮਾਈ ਹੇਠ ਇਕ ਵਿਸ਼ੇਸ਼ ਟਰੇਨਿੰਗ ਮੀਟਿੰਗ ਵਿਕਰਾਜ ਪੈਲੇਸ ਵਿਚ ਕੀਤੀ ਗਈ ਜਿਸ ਵਿਚ ਕਮੇਟੀ ਮੈਂਬਰਾਂ ਵਲੋਂ ਨਸ਼ਿਆਂ ਦੇ ਖ਼ਾਤਮੇ ਲਈ ਸਰਕਾਰ ਅਤੇ ਪ੍ਰਸ਼ਾਸਨ ਦਾ ਹਰ ਸੰਭਵ ਸਹਿਯੋਗ ਕਰਨ ਲਈ ਅਹਿਦ ਲਿਆ | ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਅੰਮਿ੍ਤਪਾਲ ਸਿੰਘ ਖ਼ਾਲਸਾ ਨੇ ਦੱਸਿਆ ਕਿ ਹਲਕਾ ਨਿਹਾਲ ਸਿੰਘ ਵਾਲਾ ਦੀਆਂ ਪਿੰਡ/ਵਾਰਡ ਕਮੇਟੀਆਂ ਦੀ ਇਸ ਪਹਿਲੀ ਟਰੇਨਿੰਗ ਮੀਟਿੰਗ ਵਿਚ ਕਮੇਟੀ ਮੈਂਬਰਾਂ ਨੇ ਸਰਗਰਮੀ ਨਾਲ ਭਾਗ ਲਿਆ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਤੇ ਜ਼ਿਲ੍ਹੇ ਦੇ ਡੀ.ਸੀ. ਸਾਗਰ ਸੇਤੀਆ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਐਸ.ਡੀ.ਐਮ. ਮੈਡਮ ਸਵਾਤੀ ਅਤੇ ਡੀ.ਐਸ.ਪੀ. ਅਨਵਰ ਅਲੀ ਦੀ ਅਗਵਾਈ ਵਿਚ ਇਸ ਮੁਹਿੰਮ ਨੂੰ ਹਲਕਾ ਨਿਹਾਲ ਸਿੰਘ ਵਾਲਾ ਵਿਚ ਪ੍ਰਭਾਵਸ਼ਾਲੀ ਢੰਗ ਚਲਾਇਆ ਜਾ ਰਿਹਾ ਹੈ | ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਗਵਾਈ ਵਾਲੀ ਪੰਜਾਬ ਸਰਕਾਰ ਪਹਿਲੀ ਸਰਕਾਰ ਹੈ ਜੋ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਰਹੀ ਹੈ ਤੇ ਨਸ਼ਾ ਤਸਕਰਾਂ ਨੂੰ ਜੇਲ੍ਹਾਂ ਵਿਚ ਸੁੱਟਣ ਤੋਂ ਇਲਾਵਾ ਉਨ੍ਹਾਂ ਦੀ ਪ੍ਰਾਪਰਟੀ ਨੂੰ ਵੀ ਜ਼ਬਤ ਕੀਤਾ ਜਾ ਰਿਹਾ ਹੈ | ਇਸ ਮੌਕੇ ਐਸ.ਐਚ.ਓ. ਨਿਹਾਲ ਸਿੰਘ ਵਾਲਾ ਪੂਰਨ ਸਿੰਘ, ਨਸ਼ਾ ਮੁਕਤੀ ਮੋਰਚਾ ਦੇ ਕੋਆਰਡੀਨੇਟਰ ਰਾਜਪਾਲ ਸਿੰਘ ਨੇ ਵੀ ਸੰਬੋਧਨ ਕੀਤਾ | ਅਖੀਰ ਵਿਚ ਐਸ.ਡੀ.ਐਮ. ਮੈਡਮ ਸਵਾਤੀ ਵਲੋਂ ਸਾਰੇ ਹਾਜ਼ਰ ਕਮੇਟੀ ਮੈਂਬਰਾਂ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਚੇਅਰਮੈਨ ਬਰਿੰਦਰ ਕੁਮਾਰ ਅਤੇ ਐਸ.ਡੀ.ਐਮ. ਮੈਡਮ ਸਵਾਤੀ ਵਲੋਂ ਕਮੇਟੀ ਮੈਂਬਰਾਂ ਨੂੰ ਅਡੈਂਟੀ ਕਾਰਡ ਵੀ ਜਾਰੀ ਕੀਤੇ | ਇਸ ਸਮੇਂ ਨਾਇਬ ਤਹਿਸੀਲਦਾਰ ਮਨਦੀਪ ਸਿੰਘ, ਚੇਅਰਮੈਨ ਮਾਰਕੀਟ ਕਮੇਟੀ ਅਜੀਤਵਾਲ ਗੁਰਮੇਲ ਸਿੰਘ ਮੱਦੋਕੇ, ਸੰਗਠਨ ਇੰਚਾਰਜ ਦਵਿੰਦਰ ਸਿੰਘ ਤਖ਼ਤੂਪੁਰਾ, ਨਸ਼ਾ ਮੁਕਤੀ ਮੋਰਚਾ ਦੇ ਵਾਈਸ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਲੋਪੋ, ਸਰਪੰਚ ਜਗਤਾਰ ਸਿੰਘ, ਐਸ.ਐਚ.ਓ. ਅਜੀਤਵਾਲ ਲਛਮਣ ਸਿੰਘ, ਐਸ.ਐਚ.ਓ. ਬੱਧਨੀ ਕਲਾਂ ਰਾਜ ਸਿੰਘ ਆਦਿ ਹਾਜ਼ਰ ਸਨ |