ਮੋਗਾ, 7 ਨਵੰਬਰ (ਸੁਰਿੰਦਰਪਾਲ ਸਿੰਘ)-ਸ਼ਹਿਰ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਡਾ. ਸੈਫੂਦੀਨ ਕਿਚਲੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਚੇਅਰਮੈਨ ਐਡਵੋਕੇਟ ਸੁਨੀਲ ਗਰਗ ਤੇ ਡਾਇਰੈਕਟਰ ਮੈਡਮ ਸੁਨੀਤਾ ਗਰਗ ਦੀ ਅਗਵਾਈ ਹੇਠ ਸਕੂਲ 'ਚ ਗੰਭੀਰਤਾ, ਸੰਵੇਦਨਸ਼ੀਲਤਾ ਤੇ ਜਾਗਰੂਕਤਾ ਨਾਲ ਭਰਪੂਰ ਪ੍ਰੋਗਰਾਮ ਵਜੋਂ ਜੰਗ ਤੇ ਹਥਿਆਰਬੰਦ ਟਕਰਾਅ 'ਚ ਵਾਤਾਵਰਨ ਦੇ ਸ਼ੋਸ਼ਣ ਦੀ ਰੋਕਥਾਮ ਲਈ ਅੰਤਰ-ਰਾਸ਼ਟਰੀ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਚੇਅਰਮੈਨ ਐਡਵੋਕੇਟ ਸੁਨੀਲ ਗਰਗ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਯੁੱਧ ਦਾ ਅਸਲ ਜੇਤੂ ਉਹ ਹੈ ਜੋ ਸ਼ਾਂਤੀ ਬਚਾਉਂਦਾ ਹੈ | ਉਨ੍ਹਾਂ ਕਿਹਾ ਕਿ ਡਾ. ਕਿਚਲੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਇਹ ਸਮਾਗਮ ਵਿਦਿਆਰਥੀਆਂ ਲਈ ਨਾ ਸਿਰਫ਼ ਇਕ ਵਿੱਦਿਅਕ ਅਨੁਭਵ ਸੀ, ਸਗੋਂ ਇਕ ਸੰਵੇਦਨਸ਼ੀਲ ਸੰਦੇਸ਼ ਵੀ ਸੀ ਕਿ ਜੰਗ ਭਾਵੇਂ ਕੋਈ ਵੀ ਰੂਪ ਹੋਵੇ, ਜੰਗ ਦਾ ਸਭ ਤੋਂ ਵੱਡਾ ਸ਼ਿਕਾਰ ਸਾਡਾ ਵਾਤਾਵਰਨ ਅਤੇ ਮਨੁੱਖਤਾ ਹੀ ਹੈ | ਇਸ ਮੌਕੇ ਸਕੂਲ ਡਾਇਰੈਕਟਰ ਮੈਡਮ ਸੁਨੀਤਾ ਗਰਗ ਨੇ ਦੱਸਿਆ ਕਿ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਨਾ ਸਿਰਫ਼ ਜੰਗ ਅਤੇ ਵਾਤਾਵਰਨ ਸੁਰੱਖਿਆ ਵਿਚਕਾਰ ਡੂੰਘੇ ਸੰਬੰਧ ਨੂੰ ਸਮਝਿਆ, ਸਗੋਂ ਮੌਜੂਦਾ ਵਿਸ਼ਵ ਯੁੱਧਾਂ ਅਤੇ ਆਧੁਨਿਕ ਹਥਿਆਰਾਂ ਦੇ ਵਾਤਾਵਰਨ ਪ੍ਰਭਾਵਾਂ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ | ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਅੱਜ ਜੰਗਾਂ ਨਾ ਸਿਰਫ਼ ਮਨੁੱਖੀ ਜੀਵਨ ਲਈ, ਸਗੋਂ ਕੁਦਰਤ ਤੇ ਸਮੁੱਚੇ ਵਾਤਾਵਰਨ ਲਈ ਵੀ ਵਿਨਾਸ਼ਕਾਰੀ ਬਣ ਗਈਆਂ ਹਨ | ਸੀਨੀਅਰ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ 1977 ਦੇ ਜੇਨੇਵਾ ਕਨਵੈਨਸ਼ਨ ਵਰਗੀਆਂ ਅੰਤਰ-ਰਾਸ਼ਟਰੀ ਵਾਤਾਵਰਨ ਸੰਧੀਆਂ ਬਾਰੇ ਜਾਣਕਾਰੀ ਦਿੱਤੀ | ਪ੍ਰੋਗਰਾਮ ਦੇ ਅੰਤ ਵਿਚ ਵਿਦਿਆਰਥੀਆਂ ਨੇ ਸ਼ਾਂਤੀ, ਸਹਿਯੋਗ ਅਤੇ ਵਾਤਾਵਰਨ ਸੁਰੱਖਿਆ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਹਿੰਸਾ ਅਤੇ ਵਿਨਾਸ਼ ਦੀ ਬਜਾਏ ਗੱਲਬਾਤ ਤੇ ਵਾਤਾਵਰਨ ਸੁਰੱਖਿਆ ਦਾ ਰਸਤਾ ਅਪਣਾਉਣ ਦਾ ਪ੍ਰਣ ਕੀਤਾ | ਪ੍ਰੋਗਰਾਮ ਦਾ ਅੰਤ ਵਿਦਿਆਰਥੀਆਂ ਦੁਆਰਾ ਸਹੁੰ ਚੁੱਕਣ ਨਾਲ ਹੋਇਆ |