01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

'ਬੁਲੰਦ ਖਿਆਲਾਂ ਦੇ ਅਹਿਸਾਸ' ਕਿਤਾਬ ਦਾ ਲੋਕ-ਅਰਪਣ ਸਮਾਗਮ ਯਾਦਗਾਰੀ ਹੋ ਨਿੱਬੜਿਆ ਜੈਤੋ ਦੀ ਪਬਲਿਕ ਲਾਇਬ੍ਰੇਰੀ ਨੂੰ ਪੁਨਰ-ਸੁਰਜੀਤ ਕੀਤਾ ਜਾਵੇਗਾ-ਵਿਧਾਇਕ ਅਮੋਲਕ ਸਿੰਘ

ਅਜੀਤ ਡੈਸਕ 21-07-2025
ਜੈਤੋ, 20 ਜੁਲਾਈ (ਗੁਰਮੀਤਪਾਲ ਰੋੜੀਕਪੂਰਾ)-ਜੈਤੋ ਦੇ ਜਾਗਰੂਕ ਵਸਨੀਕ ਤੇ ਮਾਤਾ ਅਮਰ ਕੌਰ ਚੈਰੀਟੇਬਲ ਅੱਖਾਂ ਦਾ ਹਸਪਤਾਲ ਜੈਤੋ ਦੇ ਲੇਖਾਕਾਰ ਸੱਤੀ ਸਤਵਿੰਦਰ ਸਿੰਘ ਦੀ ਪਲੇਠੀ ਕਿਤਾਬ 'ਬੁਲੰਦ ਖਿਆਲਾਂ ਦੇ ਅਹਿਸਾਸ' ਦਾ ਲੋਕ-ਅਰਪਣ ਸਮਾਗਮ ਯਾਦਗਾਰੀ ਹੋ ਨਿੱਬੜਿਆ | ਸਮਾਗਮ ਦੌਰਾਨ ਗਠਿਤ ਪ੍ਰਧਾਨਗੀ ਮੰਡਲ 'ਚ ਮਾਤਾ ਅਮਰ ਕੌਰ ਚੈਰੀਟੇਬਲ ਅੱਖਾਂ ਦਾ ਹਸਪਤਾਲ ਦੇ ਸੰਚਾਲਕ ਸੰਤ ਰਿਸ਼ੀ ਰਾਮ, ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ, ਪੰਜਾਬ ਯੂਨੀਵਰਸਿਟੀ ਚੰਡੀਗੜ ਦੇ ਪ੍ਰੋਫ਼ੈਸਰ ਅਤੇ ਉੱਘੇ ਨਾਟਕਕਾਰ ਤੇ ਫ਼ਿਲਮ ਨਿਰਦੇਸ਼ਕ ਡਾ. ਪਾਲੀ ਭੁਪਿੰਦਰ ਸਿੰਘ, ਯੂਨੀਵਰਸਿਟੀ ਕਾਲਜ ਜੈਤੋ ਦੇ ਪ੍ਰੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਤੱਗੜ, ਯੂਨੀਵਰਸਿਟੀ ਕਾਲਜ ਘਨੌਰ ਤੋਂ ਡਾ. ਰਵਿੰਦਰ ਸਿੰਘ ਰਵੀ ਤੇ ਨਾਟਕਕਾਰ ਜਗਦੇਵ ਢਿੱਲੋਂ ਸ਼ਾਮਿਲ ਸਨ | ਮੰਚ ਸੰਚਾਲਨ ਕਰ ਰਹੇ ਸ਼ਾਇਰ ਅਤੇ ਉੱਘੇ ਸਾਹਿਤ ਮੰਚ-ਸੰਚਾਲਕ ਹਰਮੇਲ ਪਰੀਤ ਨੇ ਕਿਤਾਬ 'ਤੇ ਚਰਚਾ ਦਾ ਅਗਾਜ਼ ਕਰਨ ਲਈ ਸਭ ਤੋਂ ਪਹਿਲਾਂ ਡਾ. ਰਵਿੰਦਰ ਰਵੀ ਨੂੰ ਸੱਦਾ ਦਿੱਤਾ | ਡਾ. ਰਵੀ ਨੇ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਵਾਰਤਕ ਵਿਧਾ ਵਿਚ ਸੱਤੀ ਸਤਵਿੰਦਰ ਸਿੰਘ ਦਾ ਇਹ ਉਪਰਾਲਾ ਉਸ ਵਿਚ ਵਾਰਤਕ ਲਿਖਣ ਦੀ ਚੇਸ਼ਟਾ ਵਧਾਵੇਗਾ | ਰੰਗਕਰਮੀ ਜਗਦੇਵ ਢਿੱਲੋਂ ਨੇ ਕਿਹਾ ਕਿ ਇਹ ਕਿਤਾਬ ਸਕੂਲਾਂ ਦੇ ਵਿਦਿਆਰਥੀਆਂ ਲਈ ਬਹੁਤ ਮਹੱਤਵਪੂਰਨ ਸਾਬਤ ਹੋਵੇਗੀ | ਡਾ. ਪਰਮਿੰਦਰ ਸਿੰਘ ਤੱਗੜ ਨੇ ਪੁਸਤਕ ਦੀ ਮਹੱਤਤਾ ਦੀ ਗੱਲ ਕਰਦਿਆਂ ਇਸ ਨੂੰ ਆਮ ਲੋਕਾਂ ਜਾਂ ਆਮ ਪਾਠਕਾਂ ਲਈ ਦਿਲਚਸਪ ਫ਼ਿਲਾਸਫ਼ੀਕਲ ਵਿਚਾਰਾਂ ਦਾ ਸੰਗ੍ਰਹਿ ਬਿਆਨ ਕੀਤਾ | ਰੰਜਨ ਆਤਮਜੀਤ ਨੇ ਕਿਤਾਬ ਦੀ ਛਪਾਈ ਦੇ ਰਹੱਸ ਬਾਰੇ ਵਿਚਾਰ ਪੇਸ਼ ਕੀਤੇ | ਪ੍ਰਮੁੱਖ ਵਕਤਾ ਡਾ. ਪਾਲੀ ਭੁਪਿੰਦਰ ਸਿੰਘ ਨੇ ਚਰਚਾ ਨੂੰ ਸਿਖ਼ਰ ਵੱਲ ਲਿਜਾਂਦਿਆਂ ਕਿਹਾ ਕਿ ਜੈਤੋ ਇਲਾਕਾ ਜਿਥੇ ਪਦਮਸ੍ਰੀ ਪ੍ਰੋਫ਼ੈਸਰ ਗੁਰਦਿਆਲ ਸਿੰਘ ਨੂੰ ਪੰਜਾਬੀ ਨਾਵਲਕਾਰੀ ਰਾਹੀਂ ਅਤੇ ਦੀਪਕ ਜੈਤੋਈ ਨੂੰ ਪੰਜਾਬੀ ਤੇ ਉਰਦੂ ਗ਼ਜ਼ਲਕਾਰੀ ਰਾਹੀਂ ਹਮੇਸ਼ਾ ਚੇਤਿਆਂ 'ਚ ਵਸਾਈ ਬੈਠਾ ਹੈ ਉਥੇ ਪੰਜਾਬੀ ਵਾਰਤਕਾਰੀ ਦੇ ਖ਼ਾਲੀ ਪਏ ਪਿੜ 'ਚ ਸੱਤੀ ਸਤਵਿੰਦਰ ਸਿੰਘ ਵਲੋਂ ਪੁੱਟਿਆ ਇਹ ਪਲੇਠਾ ਕਦਮ ਪ੍ਰੇਰਨਾ ਦੇ ਨਵੇਂ ਦਿਸਹਦੇ ਸਥਾਪਤ ਕਰੇਗਾ | ਹਲਕਾ ਵਿਧਾਇਕ ਅਮੋਲਕ ਸਿੰਘ ਨੇ ਆਪਣੇ ਜੀਵਨ ਦੀਆਂ ਸਾਹਿਤਕ ਯਾਦਾਂ ਦਾ ਹਵਾਲਾ ਦਿੰਦਿਆਂ ਕਿਤਾਬ ਦੀ ਪ੍ਰਸ਼ੰਸਾ ਕੀਤੀ | ਉਨ੍ਹਾਂ ਜੈਤੋ ਦੀ ਪਬਲਿਕ ਲਾਇਬ੍ਰੇਰੀ ਪੁਸਤਕਾਂ ਆਦਿ ਨਾਲ ਭਰਪੂਰ ਕਰਕੇ ਉਸ ਨੂੰ ਪੁਨਰ-ਸੁਰਜੀਤ ਕਰਨ ਦਾ ਵਾਅਦਾ ਵੀ ਕੀਤਾ | ਸੰਤ ਰਿਸ਼ੀ ਰਾਮ ਨੇ ਕਿਹਾ ਕਿ ਸੱਤੀ ਸਤਵਿੰਦਰ ਸਿੰਘ ਜਿਥੇ ਆਪਣੇ ਕਿੱਤੇ ਨੂੰ ਸਮਰਪਿਤ ਹੈ ਉਥੇ ਇਸ ਕਿਤਾਬ ਦੀ ਸਿਰਜਣਾ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਸਮਾਜ ਦੀ ਬਿਹਤਰੀ ਲਈ ਕਿੰਨਾ ਲਾਮਿਸਾਲ ਜਜ਼ਬਾ ਰੱਖਦਾ ਹੈ | ਇਸ ਮੌਕੇ ਸੱਤੀ ਸਤਵਿੰਦਰ ਦੇ ਪਰਿਵਾਰਕ ਮੈਂਬਰ ਤੇ ਸ਼ਹਿਰ ਦੇ ਪਤਵੰਤੇ ਸ਼ਾਮਿਲ ਸਨ | ਇਸ ਮੌਕੇ ਰੰਜ਼ਨ ਆਤਮਜੀਤ ਸਿੰਘ, ਮਾਸਟਰ ਹਰਭਜਨ ਸਿੰਘ, ਗੁਰਪ੍ਰੀਤ ਸਿੰਘ ਚੰੜੀਗੜ੍ਹ, ਹਰਪਾਲ ਸਿੰਘ ਕਾਕਾ, ਮੇਜਰ ਸਿੰਘ ਗੋਂਦਾਰਾ, ਸੁਰਜੀਤ ਸਿੰਘ ਅਰੋੜਾ, ਹਰਸੰਗੀਤ ਸਿੰਘ ਹੈਪੀ, ਵੀਰਪਾਲ ਸ਼ਰਮਾ ਰੋੜੀਕਪੂਰਾ, ਆਸ਼ੂ ਮਿੱਤਲ, ਜਗਰੂਪ ਸਿੰਘ ਬਰਾੜ, ਇਕਬਾਲ ਸਿੰਘ ਗੁਰੂ ਕੀ ਢਾਬ, ਹਰਬੰਸ ਸਿੰਘ ਸਿੰਘ ਬਰਾੜ ਜੈਤੋ, ਗੁਰਜੰਟ ਸਿੰਘ ਮੈਨੇਜਰ, ਸੁਖਰੀਤ ਸਿੰਘ ਰੋਮਾਣਾ, ਰੇਮਸ਼ ਵੜਤੀਆ, ਸ਼ਗਨ ਕਟਾਰੀਆ, ਤਰਸ਼ੇਮ ਗੋਇਲ, ਹੈਪੀ ਕੁਮਾਰ, ਸੰਧੀਰ ਗਰਗ, ਕਰਨ ਬਰਾੜ ਤੇ ਸਰੋਤੇ ਹਾਜ਼ਰ ਸਨ |
ਪਿਛਲੀ ਖ਼ਬਰ ਹਲਕਾ ਵਿਧਾਇਕ ਭੁੱਲਰ ਨੇ ਨਸ਼ੇ ਤੋਂ ਬਚਾਅ ਸਬੰਧੀ ਕੀਤਾ ਜਾਗਰੂਕ <br/> ਅਗਲੀ ਖ਼ਬਰ ਸਿਹਤ ਜਾਂਚ ਤੇ ਆਯੁਸ਼ਮਾਨ ਭਾਰਤ ਕਾਰਡ ਸੰਬੰਧੀ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।