ਮੋਗਾ, 20 ਜੁਲਾਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਕੇਂਦਰ ਸਰਕਾਰ ਸਵੱਛ ਭਾਰਤ ਅਭਿਆਨ ਤਹਿਤ ਦੇਸ਼ ਭਰ ਦੇ ਸ਼ਹਿਰਾਂ 'ਚ ਸਫ਼ਾਈ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਕਰੋੜਾਂ ਰੁਪਏ ਦੀਆਂ ਗਰਾਂਟਾਂ ਰਾਜਾਂ ਨੂੰ ਭੇਜ ਰਹੀ ਹੈ | ਇਸ ਤਹਿਤ ਮੋਗਾ ਨਗਰ ਨਿਗਮ ਨੂੰ ਸਵੱਛ ਭਾਰਤ ਅਭਿਆਨ ਤਹਿਤ ਕੇਂਦਰ ਸਰਕਾਰ ਤੋਂ ਗਰਾਂਟਾਂ ਮਿਲ ਰਹੀਆਂ ਹਨ, ਪਰ ਉਸ ਗਰਾਂਟ ਦੀ ਗ਼ਲਤ ਵਰਤੋਂ ਕਾਰਨ ਲੋਕਾਂ ਨੂੰ ਕੇਂਦਰ ਸਰਕਾਰ ਦੀ ਗਰਾਂਟ ਦਾ ਲਾਭ ਨਹੀਂ ਮਿਲ ਰਿਹਾ ਹੈ | ਉਪਰੋਕਤ ਵਿਚਾਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ ਨੇ ਸਵੱਛ ਭਾਰਤ ਅਭਿਆਨ ਤਹਿਤ ਪੰਜਾਬ ਦੇ ਰੈਂਕ 54 ਤੋਂ 90 ਅਤੇ ਮੋਗਾ ਦੇ ਰੈਂਕ 246 ਤੋਂ 390 'ਤੇ ਜਾਣ 'ਤੇ ਆਪਣੀ ਪ੍ਰਤੀਕਿਰਿਆ ਪ੍ਰਗਟ ਕਰਦੇ ਕੀਤੇ | ਡਾ. ਸੀਮਾਂਤ ਗਰਗ ਨੇ ਕਿਹਾ ਕਿ ਮੋਗਾ ਨਗਰ ਨਿਗਮ ਨੂੰ ਸਵੱਛ ਭਾਰਤ ਅਭਿਆਨ ਤਹਿਤ ਕਰੋੜਾਂ ਰੁਪਏ ਦੀਆਂ ਗਰਾਂਟਾਂ ਪ੍ਰਾਪਤ ਹੋਈਆਂ ਸਨ, ਜਿਸ ਤੋਂ ਕੂੜਾ ਚੁੱਕਣ ਲਈ 25 ਛੋਟੇ ਹਾਥੀ ਖ਼ਰੀਦੇ ਗਏ ਸਨ ਅਤੇ 1 ਜੇ. ਸੀ. ਬੀ. ਮਸ਼ੀਨ ਵੀ ਖ਼ਰੀਦੀ ਗਈ ਸੀ ਤਾਂ ਜੋ ਕੂੜਾ ਚੁੱਕ ਕੇ ਵਾਹਨਾਂ 'ਚ ਪਾਇਆ ਜਾ ਸਕੇ ਅਤੇ ਕਈ ਥਾਵਾਂ 'ਤੇ ਸੀਵਰੇਜ ਤੇ ਪਾਣੀ ਦੀ ਸਮੱਸਿਆ ਕਾਰਨ ਕਈ ਵਾਰ ਜ਼ਮੀਨ ਪੁੱਟਣ ਦੀ ਜ਼ਰੂਰਤ ਪੈਂਦੀ ਹੈ, ਉਸ ਸਮੇਂ ਜੇ. ਸੀ. ਬੀ. ਮਸ਼ੀਨ ਦੀ ਵਰਤੋਂ ਕੀਤੀ ਜਾ ਸਕਦੀ ਹੈ | ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਕਰੋੜਾਂ ਰੁਪਏ ਦੀ ਗਰਾਂਟ ਨਾਲ ਖ਼ਰੀਦੇ ਗਏ ਸਾਮਾਨ ਦਾ ਲਾਭ ਅਜੇ ਤੱਕ ਨਹੀਂ ਮਿਲ ਸਕਿਆ ਹੈ ਕਿਉਂਕਿ ਨਿਗਮ ਹਾਥੀ ਗੱਡੀਆਂ ਤੇ ਜੇ. ਸੀ. ਬੀ. ਮਸ਼ੀਨਾਂ ਚਲਾਉਣ ਲਈ ਡਰਾਈਵਰਾਂ ਦਾ ਪ੍ਰਬੰਧ ਨਹੀਂ ਕਰ ਸਕਿਆ, ਜਿਸ ਕਾਰਨ ਕੂੜਾ ਚੁੱਕਣ ਵਾਲੇ ਵਾਹਨ ਅਤੇ ਜੇ. ਸੀ. ਬੀ. ਮਸ਼ੀਨਾਂ ਮੀਂਹ ਤੇ ਧੁੱਪ ਵਿਚ ਖ਼ਰਾਬ ਹੋ ਰਹੀਆਂ ਹਨ ਅਤੇ ਉਨ੍ਹਾਂ ਦੀ ਗਰੰਟੀ ਵੀ ਖ਼ਤਮ ਹੋ ਰਹੀ ਹੈ | ਉਨ੍ਹਾਂ ਕਿਹਾ ਕਿ 'ਆਪ' ਵਲੋਂ ਕੇਂਦਰ ਸਰਕਾਰ ਤੋਂ ਲੋਕਾਂ ਲਈ ਜੋ ਵੀ ਗਰਾਂਟਾਂ ਤੇ ਫ਼ੰਡ ਆਉਂਦੇ ਹਨ, ਉਨ੍ਹਾਂ ਦਾ ਲਾਭ ਲੋਕਾਂ ਨੂੰ ਸਮੇਂ ਸਿਰ ਨਹੀਂ ਮਿਲਦਾ |