ਸ੍ਰੀ ਮੁਕਤਸਰ ਸਾਹਿਬ, 20 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਤੋਂ ਫ਼ਿਰੋਜ਼ਪੁਰ ਮੁੱਖ ਮਾਰਗ 'ਤੇ ਪਿੰਡ ਬੂੜਾ ਗੁੱਜਰ ਵਿਖੇ ਸੇਮ ਨਾਲੇ ਉੱਪਰ ਨਵਾਂ ਬਣਾਇਆ ਜਾ ਰਿਹਾ ਪੁਲ ਅਜੇ ਤੱਕ ਮੁਕੰਮਲ ਨਹੀਂ ਹੋ ਸਕਿਆ, ਜਿਸ ਕਰਕੇ ਆਵਾਜਾਈ ਨੂੰ ਚਲਾਉਣ ਲਈ ਇਕ ਪਾਸੇ ਸੇਮ ਨਾਲੇ 'ਚ ਪੁਲੀਆਂ ਅਤੇ ਮਿੱਟੀ ਪਾ ਕੇ ਆਰਜ਼ੀ ਪੁਲ ਚਲਾਇਆ ਗਿਆ ਸੀ ਪਰ ਪਿਛਲੇ ਦਿਨੀਂ ਆਈ ਭਾਰੀ ਬਾਰਿਸ਼ ਮਗਰੋਂ ਇਹ ਆਰਜ਼ੀ ਪੁਲ ਬਾਰਿਸ਼ ਦੀ ਭੇਟ ਚੜ੍ਹ ਗਿਆ, ਜਿਸ ਕਰਕੇ ਇਸ ਮਾਰਗ 'ਤੇ ਸੜਕੀ ਆਵਾਜਾਈ ਬਿਲਕੁਲ ਠੱਪ ਹੋ ਗਈ ਹੈ | ਇਸ ਸੜਕ ਤੋਂ ਬੱਸਾਂ ਤੇ ਸੈਂਕੜੇ ਗੱਡੀਆਂ ਰੋਜ਼ਾਨਾ ਗੁਜਰਦੀਆਂ ਹਨ ਅਤੇ ਹਿਠਾੜ ਦੇ ਪਿੰਡਾਂ ਦੇ ਲੋਕਾਂ ਨੂੰ ਸ੍ਰੀ ਮੁਕਤਸਰ ਸਾਹਿਬ ਆਉਣ ਲਈ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਬਦਲਵੇਂ ਰਸਤਿਆਂ ਰਾਹੀਂ ਸੰਪਰਕ ਸੜਕਾਂ ਤੋਂ ਗੁਜਰਦੇ ਹੋਏ ਵਾਧੂ ਪੈਂਡਾ ਤੈਅ ਕਰਕੇ ਸ਼ਹਿਰ ਆਉਣਾ ਪੈਂਦਾ ਹੈ | ਲੋਕਾਂ ਨੂੰ ਆ ਰਹੀ ਆਵਾਜਾਈ ਦੀ ਸਮੱਸਿਆ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜਨਰਲ ਸਕੱਤਰ ਜਗਜੀਤ ਸਿੰਘ ਹਨੀ ਫ਼ੱਤਣਵਾਲਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸ੍ਰੀ ਮੁਕਤਸਰ ਸਾਹਿਬ ਵੀ ਪਿੰਡ ਬੂੜਾ ਗੁੱਜਰ ਵਿਖੇ ਪਹੁੰਚੇ ਤੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ | ਉਨ੍ਹਾਂ ਕਿਹਾ ਡਰੇਨ ਦਾ ਪੁਲ ਨਵੇਂ ਸਿਰਿਓਾ ਬਣਾਇਆ ਜਾ ਰਿਹਾ ਹੈ ਪਰ ਹੁਣ ਕੰਮ ਬਹੁਤ ਧੀਮੀ ਚਾਲ ਨਾਲ ਚੱਲ ਰਿਹਾ ਹੈ, ਇਹ ਪੁਲ ਬਰਸਾਤਾਂ ਤੋਂ ਪਹਿਲਾਂ ਮੁਕੰਮਲ ਹੋਣਾ ਚਾਹੀਦਾ ਸੀ | ਇਸ ਮੌਕੇ ਸ਼ਹੀਦ ਪ੍ਰਭਜੋਤ ਸਿੰਘ ਯਾਦਗਾਰੀ ਸਪੋਰਟਸ ਕਲੱਬ ਦੇ ਆਗੂ ਅਮਰਜੀਤ ਸਿੰਘ, ਗੁਰਪ੍ਰੀਤ ਸਿੰਘ ਮੈਂਬਰ ਤੇ ਜਗਸੀਰ ਸਿੰਘ ਨੇ ਦੱਸਿਆ ਕਿ ਕਲੱਬ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਹਿੰਮਤ ਕਰਕੇ ਸੇਮ ਨਾਲੇ ਤੋਂ ਲੰਘਦੀ ਵਾਟਰ ਵਰਕਸ ਦੀ ਪਾਈਪ ਨੂੰ ਵੀ ਆਪ ਚਾਲੂ ਕਰਵਾਇਆ ਹੈ ਕਿਉਂਕਿ ਇਹ ਵੀ 10 ਦਿਨਾਂ ਤੋਂ ਪਾਣੀ ਦੇ ਵਹਾਅ ਕਾਰਨ ਨੁਕਸਾਨੀ ਗਈ ਸੀ ਤੇ ਪਿੰਡ 'ਚ ਜਲ ਸਪਲਾਈ ਠੱਪ ਹੋ ਗਈ ਸੀ | ਉਨ੍ਹਾਂ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਸੰਬੰਧਿਤ ਠੇਕੇਦਾਰ ਨੂੰ ਹਦਾਇਤ ਕਰਕੇ ਪੁਲ ਦੇ ਰਹਿੰਦੇ ਕੰਮ ਨੂੰ ਜਲਦੀ ਮੁਕੰਮਲ ਕਰਕੇ ਚਾਲੂ ਕਰਵਾਏ | ਇਸ ਮੌਕੇ ਜਗਸੀਰ ਸਿੰਘ, ਕੌਮੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਖਜ਼ਾਨਚੀ ਜਸਕਰਨ ਸਿੰਘ ਬੂੜਾ ਗੁੱਜਰ, ਬਲਵਿੰਦਰ ਸਿੰਘ ਬੂੜਾ ਗੁੱਜਰ ਸਾਬਕਾ ਚੇਅਰਮੈਨ, ਅੰਗਰੇਜ਼ ਸਿੰਘ ਬੂੜਾ ਗੁੱਜਰ, ਜਸਪਾਲ ਸਿੰਘ ਫੌਜੀ, ਕਾਹਨ ਸਿੰਘ, ਜਗਰੂਪ ਸਿੰਘ ਸਾਬਕਾ ਮੈਂਬਰ, ਸੂਰਤ ਸਿੰਘ, ਮੰਗਲ ਸਿੰਘ, ਰਵਿੰਦਰਪਾਲ ਸਿੰਘ ਸਾਬਕਾ ਮੈਂਬਰ, ਬਲਵਿੰਦਰ ਸਿੰਘ, ਜਲੰਧਰ ਸਿੰਘ, ਕਰਮ ਸਿੰਘ, ਖੇਤਾ ਸਿੰਘ ਆਦਿ ਹਾਜ਼ਰ ਸਨ |