ਕਿਸ਼ਨਪੁਰਾ ਕਲਾਂ, 20 ਜੁਲਾਈ (ਪਰਮਿੰਦਰ ਸਿੰਘ ਗਿੱਲ, ਅਮੋਲਕ ਸਿੰਘ ਕਲਸੀ)-ਪਿੰਡ ਭਿੰਡਰ ਕਲਾਂ ਦੇ ਗੁਰਦੁਆਰਾ ਬਾਬਾ ਸੰਮਣ ਜੀ ਪ੍ਰਬੰਧਕੀ ਕਮੇਟੀ ਵਲੋਂ ਨੌਜਵਾਨ ਪੀੜ੍ਹੀ ਨੂੰ ਸਿੱਖ ਇਤਿਹਾਸ ਨਾਲ ਜੋੜਨ ਅਤੇ ਬਾਣੀ ਤੇ ਬਾਣੇ ਦੇ ਧਾਰਨੀ ਬਣਾਉਣ ਲਈ ਛੋਟੇ ਬੱਚਿਆਂ ਨੂੰ ਗੁਰਬਾਣੀ ਕੰਠ ਕਰਵਾਉਣ ਲਈ ਕਲਾਸਾਂ ਲਗਾਈਆਂ ਜਾ ਰਹੀਆਂ ਹਨ | ਜਿਸ 'ਚ ਗੁਰੂ ਘਰ ਦੇ ਵਜੀਰ ਭਾਈ ਸਾਹਿਬ ਭਾਈ ਹਰਦੀਪ ਸਿੰਘ ਵਲੋਂ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ ਦੇ ਨਾਲ-ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਕੰਠ ਕਰਵਾਈ ਜਾ ਰਹੀ ਹੈ | ਗੁਰੂ ਸਾਹਿਬ ਦੀ ਪਵਿੱਤਰ ਬਾਣੀ ਦੀ ਸੰਥਿਆ ਸੰਪੂਰਨ ਕਰਨ ਵਾਲੇ ਵਿਦਿਆਰਥੀਆਂ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵਲੋਂ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ | ਇਸ ਮੌਕੇ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸੂਬੇਦਾਰ ਨਾਹਰ ਸਿੰਘ ਨੇ ਕਿਹਾ ਕਿ ਅਜੋਕੇ ਸਮਾਜਿਕ ਵਰਤਾਰੇ ਦੌਰਾਨ ਸਾਡੀ ਨੌਜਵਾਨ ਪੀੜ੍ਹੀ ਆਪਣੇ ਸਾਨੇਮੱਤੇ ਇਤਿਹਾਸ ਤੋਂ ਮੁਨਕਰ ਹੋ ਕੇ ਨਸ਼ਿਆਂ ਵਿਚ ਗ਼ਲਤਾਨ ਹੁੰਦੀ ਜਾ ਰਹੀ ਹੈ, ਜੋ ਗੰਭੀਰ ਚਿੰਤਾ ਦਾ ਵਿਸ਼ਾ ਹੈ | ਇਸ ਲਈ ਪ੍ਰਬੰਧਕੀ ਕਮੇਟੀ ਵਲੋਂ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਲਈ ਛੋਟਾ ਜਿਹਾ ਉਪਰਾਲਾ ਕੀਤਾ ਜਾ ਰਿਹਾ ਹੈ | ਦਿਨੋ-ਦਿਨ ਵਿਦਿਆਰਥੀਆਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ ਤੇ ਗੁਰੂ ਦੀ ਕਿ੍ਪਾ ਨਾਲ ਅਸੀਂ ਆਪਣੇ ਮਨੋਰਥ ਵਿਚ ਜ਼ਰੂਰ ਕਾਮਯਾਬ ਹੋਵਾਂਗੇ | ਇਸ ਸਮੇਂ ਪ੍ਰਧਾਨ ਸੂਬੇਦਾਰ ਨਾਹਰ ਸਿੰਘ, ਨੰਬਰਦਾਰ ਬਲਕਾਰ ਸਿੰਘ, ਸੁਖਦੇਵ ਸਿੰਘ ਪੋਲਾ ਸਾਬਕਾ ਪੰਚ, ਡਾ. ਪੂਰਨ ਸਿੰਘ, ਕੁਲਵਿੰਦਰ ਸਿੰਘ, ਪਰਮਜੀਤ ਸਿੰਘ ਸਰਾਂ, ਜੋਗਿੰਦਰ ਸਿੰਘ ਬੰਦੇਸ਼ਾ, ਭੁਪਿੰਦਰ ਸਿੰਘ ਅਕਾਲੀ, ਨਗਿੰਦਰ ਸਿੰਘ, ਸਵਰਨਜੀਤ ਸਿੰਘ ਨੋਨੀ, ਗੁਰਜੰਟ ਸਿੰਘ, ਹਰਬੰਸ ਸਿੰਘ ਗਿਆਨੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |