ਨਿਹਾਲ ਸਿੰਘ ਵਾਲਾ, 20 ਜੁਲਾਈ (ਪਲਵਿੰਦਰ ਸਿੰਘ ਟਿਵਾਣਾ/ਸੁਖਦੇਵ ਸਿੰਘ ਖ਼ਾਲਸਾ)-ਪਿੰਡ ਹਿੰਮਤਪੁਰਾ ਦੀ ਮਜ਼ਦੂਰ ਬਸਤੀ 'ਚ ਸ਼ਰਾਬ ਦੇ ਠੇਕੇ ਦੀ ਖੋਲ੍ਹੀ ਨਾਜਾਇਜ਼ ਬਰਾਂਚ ਨੂੰ ਲੈ ਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਪਿਛਲੇ ਤਿੰਨ ਦਿਨ ਤੋਂ ਚੱਲ ਰਹੇ ਧਰਨੇ ਦੌਰਾਨ ਅੱਜ ਸਵੇਰੇ ਸਾਰ ਪੁਲਿਸ ਪਾਰਟੀ ਵਲੋਂ ਮਜ਼ਦੂਰਾਂ ਦੇ ਧਰਨੇ 'ਤੇ ਧਾਵਾ ਬੋਲਿਆ ਗਿਆ, ਉਨ੍ਹਾਂ 'ਤੇ ਲਾਠੀਚਾਰਜ ਕੀਤਾ ਅਤੇ ਮਜ਼ਦੂਰਾਂ, ਕਿਸਾਨਾਂ, ਔਰਤਾਂ ਨੂੰ ਗਿ੍ਫ਼ਤਾਰ ਕਰ ਕੇ ਬਿਲਾਸਪੁਰ ਚੌਕੀ ਲਿਜਾਇਆ ਗਿਆ | ਇਸ ਦੌਰਾਨ ਪੁਲਿਸ ਧਰਨਾਕਾਰੀਆਂ ਦਾ ਲਗਾਇਆ ਹੋਇਆ ਟੈਂਟ, ਦਰੀਆਂ, ਪੱਖੇ, ਬਰਤਨ, ਝੰਡੇ ਆਦਿ ਪੁੱਟ ਕੇ ਆਪਣੇ ਨਾਲ ਲੈ ਗਈ | ਗਿ੍ਫ਼ਤਾਰ ਕੀਤੇ ਆਗੂਆਂ 'ਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਸੈਕਟਰੀ ਦਰਸ਼ਨ ਸਿੰਘ ਹਿੰਮਤਪੁਰਾ, ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਬਲਾਕ ਆਗੂ ਗੁਰਮੁਖ ਸਿੰਘ ਹਿੰਮਤਪੁਰਾ, ਔਰਤ ਆਗੂ ਕਰਮਜੀਤ ਕੌਰ ਹਿੰਮਤਪੁਰਾ, ਛਿੰਦਰਪਾਲ ਕੌਰ, ਪਰਮਜੀਤ ਕੌਰ ਹਿੰਮਤਪੁਰਾ ਅਤੇ ਦਰਜਨਾਂ ਮਜ਼ਦੂਰ, ਕਿਸਾਨ ਅਤੇ ਔਰਤਾਂ ਸ਼ਾਮਿਲ ਸਨ | ਇਸ ਸੰਬੰਧੀ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਬਲਾਕ ਸੈਕਟਰੀ ਬੂਟਾ ਸਿੰਘ ਭਾਗੀਕੇ ਇਸ ਘਟਨਾ ਦੀ ਪੁੱਛ ਪੜਤਾਲ ਕਰਨ ਬਿਲਾਸਪੁਰ ਚੌਕੀ ਪਹੁੰਚੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਵੀ ਗਿ੍ਫ਼ਤਾਰ ਕਰ ਲਿਆ ਜਿਸ ਤੋਂ ਬਾਅਦ ਕਈ ਪਿੰਡਾਂ ਦੇ ਕਿਸਾਨਾਂ ਮਜ਼ਦੂਰਾਂ ਨੇ ਪੁਲਿਸ ਚੌਕੀ ਬਿਲਾਸਪੁਰ ਦਾ ਘਿਰਾਓ ਕਰ ਕੇ ਰੋਸ ਰੈਲੀ ਤੇ ਮੁਜ਼ਾਹਰਾ ਕੀਤਾ | ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ, ਬਲਾਕ ਖ਼ਜ਼ਾਨਚੀ ਕੇਵਲ ਕਿ੍ਸ਼ਨ ਬੱਧਨੀ ਕਲਾਂ, ਕੁਲਦੀਪ ਕੌਰ ਕੁੱਸਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਜਗਰਾਜ ਕੁੱਸਾ, ਨੌਜਵਾਨ ਭਾਰਤ ਸਭਾ ਵਲੋਂ ਕਰਮ ਰਾਮਾਂ, ਬੀ. ਕੇ. ਯੂ. ਦੇ ਜੰਗੀਰ ਸਿੰਘ ਹਿੰਮਤਪੁਰਾ, ਜਗਮੋਹਨ ਸਿੰਘ ਸੈਦੋਕੇ, ਕਰਤਾਰ ਸਿੰਘ ਰਾਮਾਂ, ਜਗਜੀਤ ਸਿੰਘ ਬੱਧਨੀ ਕਲਾਂ, ਗੁਰਨਾਮ ਸਿੰਘ ਮਾਛੀਕੇ, ਸ਼ਿੰਗਾਰਾ ਸਿੰਘ ਤਖ਼ਤੂਪੁਰਾ, ਨੌਜਵਾਨ ਆਗੂ ਸੋਨੀ ਹਿੰਮਤਪੁਰਾ ਰਾਸ਼ਟਰੀ ਪਿਛੜਾ ਵਰਗ ਮੋਰਚਾ, ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਹਰਗੁਰਪ੍ਰਤਾਪ ਸਿੰਘ ਨਿਹਾਲ ਸਿੰਘ ਵਾਲਾ ਨੇ ਕਿਹਾ ਕਿ ਜਿਥੇ ਇਕ ਪਾਸੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਛੇੜ ਕੇ ਡਰਾਮੇ ਕਰ ਰਹੀ ਹੈ ਦੂਜੇ ਪਾਸੇ ਲੋਕਾਂ ਦੀ ਮਰਜ਼ੀ ਦੇ ਖ਼ਿਲਾਫ਼ ਮਜ਼ਦੂਰ ਬਸਤੀਆਂ 'ਚ ਰਿਹਾਇਸ਼ੀ ਇਲਾਕਿਆਂ ਅੰਦਰ ਸ਼ਰਾਬ ਦੇ ਠੇਕੇ ਖੋਲ੍ਹੇ ਜਾ ਰਹੇ ਹਨ | ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਇਆ ਕਿ ਪੁਲਿਸ ਪ੍ਰਸ਼ਾਸਨ ਲੋਕਾਂ ਦੀ ਗੱਲ ਸੁਣਨ ਦੀ ਬਜਾਏ ਸ਼ਰਾਬ ਦੇ ਠੇਕੇਦਾਰਾਂ ਦੀ ਪਿੱਠ 'ਤੇ ਖੜ੍ਹਾ ਹੈ ਤੇ ਡੰਡੇ ਦੇ ਜ਼ੋਰ ਨਾਲ ਸ਼ਰਾਬ ਦਾ ਠੇਕਾ ਚਾਲੂ ਰੱਖਣਾ ਚਾਹੁੰਦਾ ਹੈ | ਲੋਕਾਂ ਦੇ ਰੋਹ ਨੂੰ ਦੇਖਦੇ ਹੋਏ ਡਿਊਟੀ ਮੈਜਿਸਟੇ੍ਰਟ ਅਰਚਨਾ ਸ਼ਰਮਾ ਤੇ ਥਾਣਾ ਮੁਖੀ ਪੂਰਨ ਸਿੰਘ ਧਾਲੀਵਾਲ ਨੇ ਪ੍ਰਦਰਸ਼ਨਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ 25 ਜੁਲਾਈ ਤੱਕ ਸ਼ਰਾਬ ਦਾ ਠੇਕਾ ਇਸ ਬਸਤੀ 'ਚੋਂ ਚੁਕਾ ਦਿੱਤਾ ਜਾਵੇਗਾ ਅਤੇ ਉਨ੍ਹਾਂ ਗਿ੍ਫ਼ਤਾਰ ਕੀਤੇ ਪ੍ਰਦਰਸ਼ਨਕਾਰੀਆਂ ਨੂੰ ਰਿਹਾਅ ਵੀ ਕਰ ਦਿੱਤਾ, ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ 25 ਜੁਲਾਈ ਤੱਕ ਸੰਘਰਸ਼ ਨੂੰ ਮੁਲਤਵੀ ਕਰ ਦਿੱਤਾ |