ਬਾਘਾ ਪੁਰਾਣਾ, 20 ਜੁਲਾਈ (ਗੁਰਮੀਤ ਸਿੰਘ ਮਾਣੂੰਕੇ)-ਬਾਬਾ ਸੁਖਪ੍ਰੀਤ ਸਿੰਘ ਰਾਜੇਆਣਾ ਵਲੋਂ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨ ਦੇ ਮਨੋਰਥ ਤਹਿਤ ਪਿੰਡ ਰਾਜੇਆਣਾ ਵਿਖੇ ਕਬੱਡੀ ਕੋਚਿੰਗ ਤੇ ਸਰੀਰਕ ਤੰਦਰੁਸਤੀ ਕੈਂਪ ਦੀ ਸ਼ੁਰੂਆਤ ਕੀਤੀ ਗਈ | ਕੈਂਪ ਸੰਬੰਧੀ ਪਿੰਡ ਰਾਜੇਆਣਾ ਦੇ ਪ੍ਰਸਿੱਧ ਧਾਰਮਿਕ ਅਸਥਾਨ ਸੰਤ ਮੀਹਾਂ ਸਿੰਘ ਦੇ ਮੁੱਖ ਸੇਵਾਦਾਰ ਬਾਬਾ ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਅਜੋਕੇ ਸਮੇਂ 'ਚ ਨੌਜਵਾਨ ਪੀੜੀ ਦਾ ਸਰੀਰ ਦੀ ਤੰਦਰੁਸਤੀ ਵਲੋਂ ਧਿਆਨ ਘੱਟ ਹੋਣ ਕਰ ਕੇ ਅਤੇ ਮੋਬਾਈਲ ਫ਼ੋਨ ਜਾਂ ਨਸ਼ੇ ਵੱਲ ਜ਼ਿਆਦਾ ਧਿਆਨ ਹੋਣ ਕਰ ਕੇ ਨੌਜਵਾਨਾਂ ਦੀ ਸਰੀਰਕ ਸ਼ਕਤੀ ਅਤੇ ਤੰਦਰੁਸਤੀ ਘੱਟ ਰਹੀ ਹੈ ਜਿਸ ਕਰ ਕੇ ਨੌਜਵਾਨਾਂ ਨੂੰ ਖੇਡਾਂ ਵੱਲ ਜੋੜਨ ਲਈ ਕਬੱਡੀ ਕੋਚ ਕੈਂਪ ਦੀ ਸ਼ੁਰੂ ਕੀਤੀ ਗਈ ਹੈ, ਜਿਸ ਦੀ ਸ਼ੁਰੂਆਤ ਅਰਦਾਸ ਬੇਨਤੀ ਕਰਨ ਉਪਰੰਤ ਕੀਤੀ ਗਈ | ਇਸ ਦੌਰਾਨ ਬਾਬਾ ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਦੋ ਮਹੀਨੇ ਤੱਕ ਚੱਲਣ ਵਾਲੇ ਕੈਂਪ ਨੂੰ ਲੈ ਕੇ ਨੌਜਵਾਨਾਂ ਤੇ ਬੱਚਿਆਂ 'ਚ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ | ਕੈਂਪ 'ਚ ਪਿੰਡ ਰਾਜੇਆਣਾ ਤੋਂ ਇਲਾਵਾ ਆਸ-ਪਾਸ ਦੇ ਪਿੰਡਾਂ 'ਚੋਂ ਵੀ ਨੌਜਵਾਨ ਭਾਗ ਲੈ ਸਕਦੇ ਹਨ | ਇਸ ਸਮੇਂ ਕੋਚ ਭਗਵਾਨ ਸਿੰਘ ਨੇ ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਸਰੀਰਕ ਅਤੇ ਮਾਨਸਿਕ ਤੌਰ 'ਤੇ ਸਿਹਤਮੰਦ ਰਹਿਣ ਦੇ ਬਾਰੇ ਜਾਣਕਾਰੀ ਵੀ ਦਿੱਤੀ | ਕੈਂਪ ਦੀ ਸ਼ੁਰੂਆਤ ਕਰਨ ਦੇ ਉਪਰਾਲੇ ਨੂੰ ਮੁੱਖ ਰੱਖਦਿਆਂ ਨੌਜਵਾਨਾਂ ਵਲੋਂ ਬਾਬਾ ਸੁਖਪ੍ਰੀਤ ਸਿੰਘ ਤੇ ਕਬੱਡੀ ਕੋਚ ਭਗਵਾਨ ਸਿੰਘ ਨੂੰ ਵਿਸ਼ੇਸ਼ ਸਨਮਾਨ ਦਿੰਦੇ ਹੋਏ ਸਿਰੋਪਾਓ ਨਾਲ ਸਨਮਾਨਿਤ ਕੀਤਾ |