ਫ਼ਤਿਹਗੜ੍ਹ ਪੰਜਤੂਰ, 19 ਜੁਲਾਈ (ਜਸਵਿੰਦਰ ਸਿੰਘ ਪੋਪਲੀ)-ਸ੍ਰੀ ਹੇਮਕੁੰਟ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਫ਼ਤਿਹਗੜ੍ਹ ਪੰਜਤੂਰ (ਮੋਗਾ) ਵਿਖੇ ਚੇਅਰਮੈਨ ਕੁਲਵੰਤ ਸਿੰਘ ਸੰਧੂ, ਐਮ. ਡੀ. ਰਣਜੀਤ ਕੌਰ ਸੰਧੂ ਤੇ ਪਿ੍ੰਸੀਪਲ ਅਮਰਦੀਪ ਸਿੰਘ ਦੀ ਯੋਗ ਅਗਵਾਈ ਹੇਠ 05 ਪੰਜਾਬ ਗਰਲਜ਼ ਬਟਾਲੀਅਨ (ਮੋਗਾ) ਐਨ. ਸੀ. ਸੀ. ਕੈਂਡਿਟਸ ਦਾ ਵਿੰਗ ਚੱਲਦਾ ਆ ਰਿਹਾ ਹੈ | ਇਸੇ ਲੜੀ ਤਹਿਤ ਐਨ. ਸੀ. ਸੀ. ਕੈਂਪ ਦੌਰਾਨ ਦੋ ਸਾਲਾ ਟ੍ਰੇਨਿੰਗ ਪੂਰੀ ਕਰਨ ਉਪਰੰਤ ਲੜਕੀਆਂ ਨੂੰ ਸਰਟੀਫਿਕੇਟਾਂ ਦੀ ਵੰਡ ਕੀਤੀ ਗਈ | ਸਕੂਲ ਪਿ੍ੰਸੀਪਲ ਅਮਰਦੀਪ ਸਿੰਘ ਨੇ ਦੱਸਦੇ ਹੋਏ ਕਿਹਾ ਕਿ 05 ਪੰਜਾਬ ਬਟਾਲੀਅਨ (ਗਰਲਜ਼) ਮੋਗਾ ਦੇ ਕਮਾਂਡਿੰਗ ਅਫ਼ਸਰ ਸੁਨੀਲ ਕੁਮਾਰ ਦੀ ਅਗਵਾਈ ਹੇਠ ਲੰਘੇ ਦੋ ਸਾਲਾਂ ਤੋਂ ਸਕੂਲ ਦੀਆਂ ਵਿਦਿਆਰਥਣਾਂ ਦਾ ਟਰੇਨਿੰਗ ਸੈਸ਼ਨ ਚੱਲ ਰਿਹਾ ਸੀ, ਜਿਸ ਦੇ ਪੂਰੇ ਹੋਣ 'ਤੇ ਪਾਸ ਹੋਏ ਐਨ. ਸੀ. ਸੀ. ਕੈਂਡਿਟਸ ਨੂੰ ਅੱਜ ਏ-ਸਰਟੀਫਿਕੇਟਾਂ ਦੀ ਵੰਡ ਕੀਤੀ ਗਈ | ਉਨ੍ਹਾਂ ਦੱਸਿਆ ਕਿ ਪੰਜ ਪੰਜਾਬ ਗਰਲਜ਼ ਬਟਾਲੀਅਨ ਮੋਗਾ ਵਲੋਂ ਹਰ ਸੈਸ਼ਨ ਦੇ ਸ਼ੁਰੂ 'ਚ ਯੋਗਤਾ ਦੇ ਆਧਾਰ 'ਤੇ ਐਨ. ਸੀ. ਸੀ. ਲਈ ਭਰਤੀ ਕੀਤੀ ਜਾਂਦੀ ਹੈ | ਇਸ ਤੋਂ ਬਾਅਦ ਚੁਣੇ ਹੋਏ ਕੈਂਡਿਟਸ ਦਾ ਦਸ ਰੋਜ਼ਾ ਕੈਂਪ ਤੇ ਸਮੇਂ-ਸਮੇਂ 'ਤੇ ਐਨ. ਸੀ. ਸੀ. ਦੁਆਰਾ ਅਲੱਗ-ਅਲੱਗ ਗਤੀਵਿਧੀਆਂ ਵੀ ਕਰਵਾਈਆਂ ਜਾਂਦੀਆਂ ਹਨ | ਇਸ ਤਰ੍ਹਾਂ ਦੋ ਸਾਲਾਂ ਦੀ ਟ੍ਰੇਨਿੰਗ ਪੂਰੀ ਕਰਨ ਉਪਰੰਤ ਐਨ. ਸੀ. ਸੀ. ਕੈਂਡਿਟਸ ਦਾ ਇਮਤਿਹਾਨ ਲਿਆ ਜਾਂਦਾ ਹੈ ਤੇ ਪਾਸ ਕਰਨ ਉਪਰੰਤ ਕੈਂਡਿਟਸ ਨੂੰ ਏ-ਸਰਟੀਫਿਕੇਟ ਦਿੱਤੇ ਜਾਂਦੇ ਹਨ | ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਤੇ ਐਮ. ਡੀ. ਰਣਜੀਤ ਕੌਰ ਸੰਧੂ ਨੇ ਇਸ ਮੌਕੇ ਟ੍ਰੇਨਿੰਗ ਪੂਰੀ ਕਰਨ ਵਾਲੇ ਸਕੂਲ ਦੇ ਸਾਰੇ ਕੈਂਡਿਟਸ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਕਿਹਾ ਕਿ ਵਿੱਦਿਆ ਹਾਸਲ ਕਰਨ ਦੇ ਨਾਲ-ਨਾਲ ਇਨ੍ਹਾਂ ਦੀ ਇਹ ਸਮਾਜਿਕ ਪ੍ਰਾਪਤੀ ਸ਼ਲਾਘਾਯੋਗ ਹੈ | ਇਸ ਸਮੇਂ ਐਨ. ਸੀ. ਸੀ. ਕੇਅਰ ਟੇਕਰ ਕੋਮਲਪ੍ਰੀਤ ਕੌਰ ਤੇ ਗਗਨਦੀਪ ਕੌਰ ਵੀ ਹਾਜ਼ਰ ਸਨ |