ਮੋਗਾ, 19 ਜੁਲਾਈ (ਸੁਰਿੰਦਰਪਾਲ ਸਿੰਘ)-ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਜੀਵਨ ਜੋਤ ਸਕੀਮ ਤਹਿਤ ਉਨ੍ਹਾਂ ਬੱਚਿਆਂ ਦੀ ਪਹਿਚਾਣ ਕੀਤੀ ਜਾ ਰਹੀ ਹੈ ਜੋ ਪੜ੍ਹਨ ਦੀ ਉਮਰ 'ਚ ਭੀਖ ਮੰਗ ਰਹੇ ਹਨ ਜਾਂ ਬੱਚਿਆਂ ਤੋਂ ਜ਼ਬਰਦਸਤੀ ਭੀਖ ਮੰਗਵਾਈ ਜਾ ਰਹੀ ਹੈ | ਇਸ ਮੁਹਿੰਮ ਤਹਿਤ ਬਾਲ ਭਿੱਖਿਆ ਨੂੰ ਰੋਕਣ ਲਈ ਯਤਨ ਕੀਤੇ ਜਾ ਰਹੇ ਹਨ | ਇਨ੍ਹਾਂ ਬੱਚਿਆਂ ਤੇ ਉਨ੍ਹਾਂ ਦੇ ਮਾਤਾ-ਪਿਤਾ ਦਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਡੀ. ਐਨ. ਏ. ਟੈਸਟ ਵੀ ਕਰਵਾਇਆ ਜਾਣਾ ਹੈ | ਗਰੋਹਾਂ ਵਲੋਂ ਜ਼ਿਆਦਾਤਰ ਇਹ ਬੱਚੇ ਅਗਵਾਹ ਕੀਤੇ ਹੁੰਦੇ ਹਨ | ਡਿਪਟੀ ਕਮਿਸ਼ਨਰ ਸਾਗਰ ਸੇਤੀਆ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਮੋਗਾ ਵਲੋਂ ਇਸ ਮੁਹਿੰਮ ਤਹਿਤ ਕਾਰਵਾਈਆਂ ਆਰੰਭ ਕਰ ਦਿੱਤੀਆਂ ਹਨ | ਇਸ 'ਤੇ ਚੱਲਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਪਰਮਜੀਤ ਕੌਰ ਵਲੋਂ ਬਾਲ ਭਲਾਈ ਕਮੇਟੀ, ਪੁਲਿਸ ਵਿਭਾਗ, ਸਿੱਖਿਆ ਵਿਭਾਗ, ਚਾਈਲਡ ਲਾਈਨ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਨਾਲ ਮਿਲ ਕੇ ਮੋਗਾ ਸ਼ਹਿਰ ਵਿਚ ਬੱਸ ਸਟੈਂਡ ਤੇ ਮੇਨ ਬਾਜ਼ਾਰ ਮੋਗਾ ਵਿਖੇ ਵਿਸ਼ੇਸ਼ ਚੈਕਿੰਗ ਕੀਤੀ ਗਈ | ਵਿਸ਼ੇਸ਼ ਚੈਕਿੰਗ ਦੌਰਾਨ ਪੰਜ ਬੱਚੇ ਰੈਸਕਿਊ ਕੀਤੇ ਗਏ | ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਪਰਮਜੀਤ ਕੌਰ ਨੇ ਦੱਸਿਆ ਕਿ ਇਨ੍ਹਾਂ 'ਚੋਂ ਤਿੰਨ ਬੱਚੇ ਦੂਜੇ ਜ਼ਿਲ੍ਹੇ ਦੇ ਨਾਲ ਸੰਬੰਧ ਰੱਖਦੇ ਹਨ, ਦੋ ਬੱਚੇ ਜ਼ਿਲ੍ਹਾ ਮੋਗਾ ਦੇ ਨੇਚਰ ਪਾਰਕ ਦੇ ਰਹਿਣ ਵਾਲੇ ਹਨ | ਫ਼ਿਲਹਾਲ ਇਨ੍ਹਾਂ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ | ਇਸ ਕਰ ਕੇ ਇਨ੍ਹਾਂ ਬੱਚਿਆਂ ਨੂੰ ਆਰਜ਼ੀ ਸ਼ੈਲਟਰ ਵਿਚ ਰੱਖਿਆ ਗਿਆ ਹੈ | ਜਦੋਂ ਇਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਮਿਲ ਜਾਣਗੇ ਤਾਂ ਇਨ੍ਹਾਂ ਦੀ ਕੌਂਸਲਿੰਗ ਕੀਤੀ ਜਾਵੇਗੀ ਤੇ ਸਖ਼ਤ ਹਦਾਇਤ ਕੀਤੀ ਜਾਵੇਗੀ ਕਿ ਇਨ੍ਹਾਂ ਬੱਚਿਆਂ ਨੂੰ ਸਕੂਲ 'ਚ ਦਾਖ਼ਲ ਕਰਵਾਇਆ ਜਾਵੇ | ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਪਰਮਜੀਤ ਕੌਰ ਨੇ ਦੱਸਿਆ ਕਿ ਇਹ ਚੈਕਿੰਗਾਂ ਭਵਿੱਖ 'ਚ ਵੀ ਲਗਾਤਾਰ ਚੱਲਦੀਆਂ ਰਹਿਣਗੀਆਂ | ਉਨ੍ਹਾਂ ਪੰਜਾਬ ਸਰਕਾਰ ਦੀ ਇਸ ਮੁਹਿੰਮ ਨੂੰ ਸ਼ਲਾਘਾਯੋਗ ਕਰਾਰ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਪੱਧਰੀ ਵਿਭਾਗ ਵਲੋਂ ਇਸ ਮੁਹਿੰਮ ਤਹਿਤ ਚੈਕਿੰਗਾਂ ਜਾਂ ਕਾਰਵਾਈਆਂ ਜੰਗੀ ਪੱਧਰ 'ਤੇ ਕੀਤੀਆਂ ਜਾਣਗੀਆਂ ਤੇ ਜ਼ਿਲ੍ਹੇ ਨੂੰ ਜਲਦ ਤੋਂ ਜਲਦ ਬਾਲ ਭਿੱਖਿਆ ਮੁਕਤ ਜ਼ਿਲ੍ਹਾ ਬਣਾਇਆ ਜਾਵੇਗਾ |