ਬਾਘਾ ਪੁਰਾਣਾ, 18 ਜੁਲਾਈ (ਟਿੰਕੂ ਕਾਠਪਾਲ)-ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਵਾਲਿਆਂ ਦਾ ਸਨਮਾਨ ਕਰਨ ਲਈ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵਲੋਂ ਆਰੰਭੀ ਮੁਹਿੰਮ ਤਹਿਤ 13ਵੀਂ ਕੜੀ ਅਧੀਨ ਸਕੂਲ ਆਫ਼ ਐਮੀਨੈਂਸ ਬਾਘਾ ਪੁਰਾਣਾ ਦੇ ਸੱਤ ਬੱਚਿਆਂ ਨੂੰ ਇਸ ਮੁਹਿੰਮ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਲਈ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕਰਨ ਲਈ ਪਿ੍ੰਸੀਪਲ ਸਤਿੰਦਰ ਕੌਰ ਦੀ ਅਗਵਾਈ ਤੇ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਦੇ ਮੁਖੀ ਪ੍ਰਸਿੱਧ ਨਾਵਲਕਾਰ ਮਿੱਤਰ ਸੈਨ ਮੀਤ ਦੀ ਅਗਵਾਈ ਹੇਠ 'ਪੁਰਸਕਾਰ ਵੰਡ ਸਮਾਗਮ' ਕਰਵਾਇਆ | ਜਿਸ 'ਚ ਪੰਜਾਬੀ ਮਾਂ ਡਾਟ ਕਾਮ ਆਨਲਾਈਨ ਅਖ਼ਬਾਰ ਯੂ. ਐਸ. ਏ. ਦੇ ਸੰਪਾਦਕ ਸਤਿੰਦਰਜੀਤ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦ ਕਿ ਮਹਿਫ਼ਲ ਏ ਅਦੀਬ ਸੰਸਥਾ ਜਗਰਾਉਂ ਦੇ ਸਾਬਕਾ ਪ੍ਰਧਾਨ ਕੈਪਟਨ ਪੂਰਨ ਸਿੰਘ ਗਗੜਾ, ਨਾਵਲਕਾਰ ਜਸਵਿੰਦਰ ਸਿੰਘ ਛਿੰਦਾ ਦੇਹੜਕਾ, ਦਵਿੰਦਰ ਸਿੰਘ ਸੇਖਾ, ਅਮਰ ਸਿੰਘ ਘੋਲੀਆ, ਚਰਨਜੀਤ ਸਿੰਘ ਗਿੱਲ ਸਮਾਲਸਰ, ਡਾ. ਸਾਧੂ ਰਾਮ ਲੰਗੇਆਣਾ (ਪ੍ਰਧਾਨ ਸਾਹਿਤ ਸਭਾ ਬਾਘਾ ਪੁਰਾਣਾ), ਸੁਖਵਿੰਦਰ ਸਿੰਘ, ਮਨਮੋਹਨ ਸਿੰਘ ਚਹਿਲ, ਚਮਕੌਰ ਸਿੰਘ ਬਾਘੇਵਾਲੀਆ ਉਚੇਚੇ ਤੌਰ 'ਤੇ ਸ਼ਾਮਲ ਹੋਏ | ਸਭ ਤੋਂ ਪਹਿਲਾਂ ਚਰਨਜੀਤ ਸਿੰਘ ਗਿੱਲ ਸਮਾਲਸਰ ਨੇ ਆਏ ਮਹਿਮਾਨਾਂ ਦੀ ਸਭ ਨਾਲ ਜਾਣ ਪਹਿਚਾਣ ਕਰਵਾਈ | ਉਪਰੰਤ ਭਾਈਚਾਰੇ ਦੇ ਮੁਖੀ ਪ੍ਰਸਿੱਧ ਨਾਵਲਕਾਰ ਮਿੱਤਰ ਸੈਨ ਮੀਤ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਦਾ ਮੁੱਖ ਨਿਸ਼ਾਨਾ ਪੰਜਾਬੀ ਮਾਂ ਬੋਲੀ ਨੂੰ ਉਤਸ਼ਾਹਿਤ ਕਰਨਾ ਹੈ | ਉਨ੍ਹਾਂ ਕਿਹਾ ਕਿ ਇਸ ਸਕੂਲ ਵਿਚ ਇਹ 13ਵਾਂ ਸਮਾਗਮ ਹੈ | ਮੁੱਖ ਮਹਿਮਾਨ ਸਤਿੰਦਰਜੀਤ ਸਿੰਘ ਸਿੱਧੂ ਯੂ. ਐਸ. ਏ. ਨੇ ਇਸ ਮੌਕੇ ਸੰਬੋਧਨ ਰਾਹੀਂ ਇਸ ਸੰਸਥਾ ਦੀ ਭਰਪੂਰ ਸ਼ਬਦਾਂ ਵਿਚ ਸ਼ਲਾਘਾ ਕਰਦਿਆਂ ਪ੍ਰਬੰਧਕਾਂ ਦਾ ਸ਼ੁਕਰਾਨਾ ਕੀਤਾ ਅਤੇ ਮਿਹਨਤੀ ਸਕੂਲ ਸਟਾਫ਼ ਤੇ ਸਨਮਾਨਿਤ ਹੋਣ ਵਾਲੇ ਹੋਣਹਾਰ ਬੱਚਿਆਂ ਨੂੰ ਵਧਾਈ ਦਿੰਦਿਆਂ ਆਪਣੇ ਵਲੋਂ ਸਕੂਲ ਨੂੰ 21 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਰਾਸ਼ੀ ਵੀ ਭੇਟ ਕੀਤੀ | ਉਪਰੰਤ ਸਕੂਲ ਦੇ ਸੱਤ ਹੋਣਹਾਰ ਬੱਚੇ ਏਕਮਪ੍ਰੀਤ ਕੌਰ, ਕਿਰਨਦੀਪ ਕੌਰ, ਮਨਿੰਦਰ ਸਿੰਘ, ਮਨਪ੍ਰੀਤ ਕੌਰ, ਨਿਸ਼ਾ ਰਾਣੀ ਨੂੰ ਪੰਜਾਬੀ ਸੁੰਦਰ ਲਿਖਾਈ, ਲਵੀ ਕੁਮਾਰ (ਢੋਲੀ) ਅਤੇ ਗੁਰਸਾਂਝ ਕਰੜਾ ਨੂੰ (ਗਿੱਧਾ) ਪੰਜਾਬੀ ਸੱਭਿਆਚਾਰ ਲਈ ਤਗਮਾ, ਬੈਗ, ਸਰਟੀਫਿਕੇਟ ਤੇ ਕਿਤਾਬਾਂ ਦੇ ਸੈੱਟ ਦੇ ਕੇ ਭਾਈਚਾਰੇ ਵਲੋਂ ਸਨਮਾਨਿਤ ਕੀਤਾ | ਆਖਿਰ 'ਚ ਪਿ੍ੰਸੀਪਲ ਸ੍ਰੀਮਤੀ ਸਤਿੰਦਰ ਕੌਰ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ | ਸਟੇਜ ਦੀ ਕਾਰਵਾਈ ਪ੍ਰਸਿੱਧ ਫ਼ਿਲਮ ਮੇਕਰ ਅਮਰ ਸਿੰਘ ਘੋਲੀਆਂ ਨੇ ਨਿਭਾਈ |