ਬੱਧਨੀ ਕਲਾਂ, 16 ਜੁਲਾਈ (ਸੰਜੀਵ ਕੋਛੜ)-ਸੂਬਾ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸਬੰਧੀ ਰਾਜਪਾਲ ਨੂੰ ਭੇਜੇ ਗਏ ਪ੍ਰਸਤਾਵ ਨੂੰ ਹਰੀ ਝੰਡੀ ਮਿਲਣ ਤੇ ਆਮ ਨਾਗਰਿਕਾਂ 'ਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਇਹ ਪ੍ਰਗਟਾਵਾ ਨਗਰ ਪੰਚਾਇਤ ਬੱਧਨੀ ਕਲਾਂ ਦੇ ਪ੍ਰਧਾਨ ਜਗਜੀਤ ਸਿੰਘ ਦੀਸ਼ਾ ਅਤੇ ਨੰਬਰਦਾਰ ਅਮਨਦੀਪ ਸਿੰਘ ਅਮਨਾ ਸਿੱਧੂ ਨੇ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰ ਅੰਦੇਸ਼ੀ ਸੋਚ ਕਰਕੇ ਹੁਣ ਲੋਕਾਂ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮਿਲੇਗਾ, ਜਿਸ ਦਾ ਹਰ ਵਿਅਕਤੀ ਲਾਭ ਲੈ ਸਕਦਾ ਹੈ ਲੋਕਾਂ ਵਲੋਂ ਆਪਣੇ ਅਧਾਰ ਕਾਰਡ ਜਾਂ ਵੋਟਰ ਆਈ.ਡੀ. ਕਾਰਡ ਨਾਲ ਹੀ ਕੈਸ਼-ਲੈਸ ਸਿਹਤ ਬੀਮਾ ਕਾਰਡ ਬਣ ਜਾਵੇਗਾ ਜਿਸ ਤਹਿਤ ਕਾਰਡ ਧਾਰਕ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ 'ਚ ਜਾ ਕੇ ਬਿਮਾਰੀਆਂ ਦਾ ਇਲਾਜ ਕਰਵਾ ਸਕਣਗੇ | ਉਨ੍ਹਾਂ ਕਿਹਾ ਕਿ ਬੀਤੇ ਦਿਨ ਬੇਅਦਬੀਆਂ ਸਬੰਧੀ ਬਿੱਲ ਪਾਸ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੀਤੀ ਗਈ ਪਹਿਲ ਕਦਮੀ ਅਤੇ ਬਾਕੀ ਵਿਰੋਧੀ ਪਾਰਟੀਆਂ ਵਲੋਂ ਬਿੱਲ ਦੇ ਕੀਤੇ ਗਏ ਸਮਰਥਨ ਨਾਲ ਸ਼ਰਾਰਤੀ ਅਨਸਰਾਂ ਨੂੰ ਸਬਕ ਮਿਲੇਗਾ, ਭਾਵੇਂ ਇਸ ਬਿੱਲ ਨੂੰ ਪਾਸ ਕਰਨ ਲਈ ਅਜੇ ਸਿਲੈੱਕਸ਼ਨ ਕਮੇਟੀ ਵਲੋਂ 6 ਮਹੀਨੇ ਬਾਅਦ ਰਿਪੋਰਟ ਦਿੱਤੀ ਜਾਵੇਗੀ ਪਰ ਇਹ ਬਿੱਲ ਪਾਸ ਕਰਵਾਉਣਾ ਸਮੇਂ ਦੀ ਮੁੱਖ ਲੋੜ ਸੀ | ਕਿਉਂਕਿ ਬੀਤੇ ਸਮਿਆਂ ਦੌਰਾਨ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਨੇ ਲੋਕਾਂ ਦੇ ਮਨਾਂ ਨੂੰ ਭਾਵਨਾਤਮਕ ਠੇਸ ਪਹੁੰਚਾਈ ਸੀ ਤੇ ਸੂਬੇ 'ਚ ਰਾਜ ਕਰ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਸਮਝਦੀ ਹੈ ਕਿ ਅਜਿਹੇ ਵਿਅਕਤੀਆਂ ਵਿਰੁੱਧ ਕਾਰਵਾਈ ਕਰਕੇ ਉਨ੍ਹਾਂ ਨੂੰ ਸਬਕ ਸਿਖਾਉਣ ਤੋਂ ਇਲਾਵਾ ਅੱਗੇ ਤੋਂ ਅਜਿਹਾ ਅਪਰਾਧ ਕਰਨ ਵਾਲੇ ਤੇ ਸ਼ਿਕੰਜਾ ਕੱਸਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ | ਉਨ੍ਹਾਂ ਵਿਸ਼ੇਸ਼ ਸੈਸ਼ਨ ਦੌਰਾਨ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਵਲੋਂ ਬੇਅਦਬੀਆਂ ਦੇ ਬਿੱਲ ਸਬੰਧੀ ਪੇਸ਼ ਕੀਤੇ ਗਏ ਵਿਚਾਰਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਹਲਕਾ ਨਿਹਾਲ ਸਿੰਘ ਵਾਲਾ ਦੇ ਵੋਟਰਾਂ ਨੂੰ ਉਨ੍ਹਾਂ ਦੇ ਵਿਧਾਇਕ ਤੇ ਹਮੇਸ਼ਾ ਮਾਣ ਰਹੇਗਾ | ਇਸ ਮੌਕੇ ਹੋਰ ਵੀ ਆਗੂ ਤੇ ਵਰਕਰ ਹਾਜ਼ਰ ਸਨ |