ਅਜੀਤਵਾਲ, 16 ਜੁਲਾਈ (ਹਰਦੇਵ ਸਿੰਘ ਮਾਨ)-ਲਾਲਾ ਲਾਜਪਤ ਰਾਏ ਗਰੁੱਪ ਆਫ਼ ਕਾਲਜ ਅਜੀਤਵਾਲ (ਮੋਗਾ) ਦੇ ਫਿਜ਼ਿਕਸ ਲੈਕਚਰਾਰ ਅਮਰਿੰਦਰ ਸਿੰਘ ਦੀ ਪੀ.ਐਚ.ਡੀ. ਦੀ ਪੜ੍ਹਾਈ ਲਈ ਕੌਮੀ ਪੱਧਰ ਦੀ ਸੰਸਥਾ ਆਈ.ਆਈ.ਟੀ ਖੜਗ ਪੁਰ ਵਲੋਂ ਚੁਣੇ ਜਾਣਾ ਬਹੁਤ ਹੀ ਮਹੱਤਵਪੂਰਨ ਪ੍ਰਾਪਤੀ ਸੰਸਥਾ ਅਤੇ ਸੰਸਥਾ ਨਾਲ ਜੁੜੇ ਹਰ ਸ਼ਖ਼ਸ ਲਈ ਮਾਣ ਵਾਲੀ ਗੱਲ ਹੈ | ਇਹ ਵਿਚਾਰ ਸੰਸਥਾ ਦੇ ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ ਨੇ ਲੈਕਚਰਾਰ ਅਮਰਿੰਦਰ ਸਿੰਘ ਨੂੰ ਇਸ ਪ੍ਰਾਪਤੀ, ਵਿਦਿਆਰਥੀਆਂ ਅਤੇ ਸੰਸਥਾ ਲਈ ਤਨ-ਦੇਹੀ ਨਾਲ ਦਿੱਤੀਆਂ ਸਿੱਖਿਆ ਸੇਵਾਵਾਂ ਲਈ ਯਾਦਗਾਰੀ ਚਿੰਨ੍ਹ ਦੇ ਕੇ ਵਿਦਾ ਕਰਦਿਆਂ ਕੀਤਾ ਅਤੇ ਨਾਲ ਹੀ ਉਨ੍ਹਾਂ ਨੂੰ ਅੱਗੇ ਵੀ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਕੰਮ ਕਰਕੇ ਹੋਰ ਸਨਮਾਨ ਖੱਟਣ ਲਈ ਪ੍ਰੇਰਿਆ | ਵਿਭਾਗੀ ਮੁਖੀ ਰਾਜਨ ਨੇ ਦੱਸਿਆ ਕਿ ਲੈਕਚਰਾਰ ਅਮਰਿੰਦਰ ਸਿੰਘ ਨੇ ਸਾਰੇ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਨਾਲ ਬਹੁਤ ਹੀ ਪਰਿਵਾਰਕ ਅਤੇ ਭਾਈਚਾਰਕ ਸਾਂਝ ਰੱਖੀ | ਉਨ੍ਹਾਂ ਲੈਕਚਰਾਰ ਅਮਰਿੰਦਰ ਸਿੰਘ ਨੂੰ ਸਖ਼ਤ ਮਿਹਨਤ ਅਤੇ ਸਮੇਂ ਦੀ ਕਦਰ ਕਰਦਿਆਂ ਸਫਲਤਾ ਪ੍ਰਾਪਤੀ ਅਤੇ ਉੱਤਮ ਖੋਜ ਕਾਰਜਾਂ ਨਾਲ ਸਮਾਜ ਦੀ ਸੇਵਾ ਕਰਨ ਦੀ ਉਮੀਦ ਪ੍ਰਗਟ ਕੀਤੀ | ਮੈਡਮ ਮਨਵੀਨ ਕੌਰ ਨੇ ਸ਼ੁੱਭਕਾਮਨਾਵਾਂ ਭੇਟ ਕਰਦਿਆਂ ਕਿਹਾ ਕਿ ਉਹ ਪੂਰੀ ਮਿਹਨਤ, ਹਿੰਮਤ ਅਤੇ ਧਿਆਨ ਨਾਲ ਪੀ.ਐਚ.ਡੀ. ਵਿਚ ਸਫਲ ਹੋ ਕੇ ਵਾਪਸ ਆ ਕੇ ਸੰਸਥਾ ਦੇ ਵਿਦਿਆਰਥੀਆਂ ਦੇ ਰਾਹ ਦਸੇਰਾ ਬਣ ਕੇ ਉਨ੍ਹਾਂ ਦੇ ਭਵਿੱਖ ਦੀ ਕਾਮਯਾਬੀ ਵਿਚ ਯੋਗਦਾਨ ਪਾਉਣ | ਇਸ ਮੌਕੇ ਸਮੂਹ ਸਟਾਫ਼ ਅਤੇ ਵਿਦਿਆਰਥੀਆ ਨੇ ਵੀ ਲੈਕਚਰਾਰ ਅਮਰਿੰਦਰ ਸਿੰਘ ਨੂੰ ਸ਼ੁੱਭ ਇੱਛਾਵਾਂ ਭੇਟ ਕੀਤੀਆਂ |