ਜਲੰਧਰ, 2 ਦਸੰਬਰ (ਸ਼ਿਵ ਸ਼ਰਮਾ)-ਪੰਜਾਬ ਵਿਚ ਇਸ ਸਾਲ 157 ਲੱਖ ਝੋਨਾ ਮਿਲਿੰਗ ਲਈ ਸ਼ੈਲਰਾਂ ਵਿਚ ਸਟੋਰ ਹੋ ਚੁੱਕਾ ਹੈ ਤੇ ਇਸ ਝੋਨੇ ਤੋਂ ਬਣਨ ਵਾਲੇ 103 ਲੱਖ ਟਨ ਚੌਲ ਪੰਜਾਬ ਦੀਆਂ ਰਾਈਸ ਮਿੱਲਾਂ ਵਲੋਂ ਤਿਆਰ ਕਰਕੇ ਕੇਂਦਰੀ ਏਜੰਸੀ ਐਫ. ਸੀ. ਆਈ. ਨੂੰ ਦਿੱਤੇ ਜਾਣੇ ਹਨ ਪਰ ਅਜੇ ਤੱਕ ਚੌਲ ਲੈਣ ਦਾ ਕੰਮ ਸ਼ੁਰੂ ਨਾ ਹੋਣ ਕਰਕੇ ਸ਼ੈਲਰ ਮਾਲਕਾਂ ਦੀ ਚਿੰਤਾ ਵਧ ਰਹੀ ਹੈ | ਪੰਜਾਬ ਰਾਈਸ ਮਿੱਲਰ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਜੈਨ ਨੇ ਜਾਰੀ ਬਿਆਨ ਵਿਚ ਦੱਸਿਆ ਹੈ ਕਿ ਇਸ ਸਾਲ ਭਾਰੀ ਹੜ੍ਹਾਂ ਕਰਕੇ ਝੋਨੇ ਦੀ ਫ਼ਸਲ ਖ਼ਰਾਬ ਹੋਈ ਹੈ ਪਰ ਫਿਰ ਵੀ ਰਾਈਸ ਮਿਲ ਮਾਲਕਾਂ ਨੇ ਕਿਸਾਨਾਂ ਦਾ ਹੋਰ ਨੁਕਸਾਨ ਤੋਂ ਰੋਕਣ ਲਈ ਕਿਸਾਨਾਂ ਅਤੇ ਸਰਕਾਰ ਦਾ ਪੂਰਾ ਸਹਿਯੋਗ ਕੀਤਾ ਹੈ ਪਰ ਅਜੇ ਤੱਕ ਨਵੰਬਰ ਅਤੇ ਦਸੰਬਰ ਮਹੀਨੇ ਵਿਚ ਚੌਲ ਲੈਣ ਬਾਰੇ ਕੋਈ ਨੀਤੀ ਤਿਆਰ ਨਹੀਂ ਕੀਤੀ ਜਾ ਸਕੀ ਹੈ | ਚੌਲਾਂ ਵਿਚ ਫੋਰਟੀਫਾਈਡ ਚੌਲ ਮਿਲਾ ਕੇ ਹੀ ਗੁਦਾਮਾਂ ਵਿਚ ਲਗਵਾਏ ਜਾਂਦੇ ਹਨ ਜਿਸ ਕਰਕੇ ਸ਼ੈਲਰ ਮਾਲਕਾਂ ਦਾ ਕਹਿਣਾ ਸੀ ਕਿ ਫੋਰਟੀਫਾਈਡ ਚੌਲਾਂ ਬਾਰੇ ਜਲਦੀ ਤੋਂ ਜਲਦੀ ਫ਼ੈਸਲਾ ਕੀਤਾ ਜਾਣਾ ਚਾਹੀਦਾ ਹੈ ਤੇ ਇਹ ਸ਼ੈਲਰ ਮਾਲਕਾਂ ਨੂੰ ਉਪਲਬਧ ਕਰਵਾਉਣਾ ਚਾਹੀਦਾ ਹੈ | ਪੰਜਾਬ ਸਰਕਾਰ ਨੂੰ ਇਹ ਮਸਲਾ ਕੇਂਦਰ ਕੋਲ ਉਠਾ ਕੇ ਹੱਲ ਕਰਵਾਉਣਾ ਚਾਹੀਦਾ ਹੈ | ਮਿਲਿੰਗ ਦੇ ਕੰਮ ਵਿਚ ਦੇਰੀ ਹੋਣ ਕਰਕੇ ਬਿਹਾਰ ਤੇ ਉਤਰ ਪ੍ਰਦੇਸ਼ ਦੀ ਲੇਬਰ ਨੇ ਵਾਪਸ ਜਾਣਾ ਸ਼ੁਰੂ ਕਰ ਦਿੱਤਾ ਹੈ |